ਰੋਗ ਅਵੱਲੇ, ਦਰਦ ਕਵੱਲੇ

ਰੋਗ ਅਵੱਲੇ, ਦਰਦ ਕਵੱਲੇ, ਹੌਕੇ ਵੰਨ-ਸਵੰਨੇ

ਸੱਜਣਾਂ ਨੇ ਦਿੱਤੇ ਨੇ ਸਾਨੂੰ ਤੋਹਫ਼ੇ ਵੰਨ-ਸਵੰਨੇ

ਫੁਟ-ਪਾਥਾਂ ਤੇ ਰੁਲਦੀ ਖ਼ਲਕਤ ਭਾਂ-ਭਾਂ ਕਰਦੇ ਬੰਗਲੇ,

ਮੇਰੀਆਂ ਦੋ ਅੱਖੀਆਂ ਨੇ ਡਿੱਠੇ ਜਲਵੇ ਵੰਨ-ਸਵੰਨੇ

ਮੂੰਹੋਂ ਬੋਲ ਕੇ ਵੱਖਰੇ-ਵੱਖਰੇ ਕਿੱਸੇ ਪਏ ਸੁਨਾਵਣ,

ਕਬਰਾਂ ਉੱਤੇ ਲੱਗੇ ਹੋਏ ਕੁਤਬੇ ਵੰਨ-ਸਵੰਨੇ

ਕੋਈ ਆਖੇ ਝੱਲ-ਵਲੱਲਾ ਕੋਈ ਕਹੇ ਅਵਾਰਾ,

ਪਿਆਰ ਤੇਰੇ ਵਿਚ ਲੱਭੇ ਸਾਨੂੰ ਤਮਗ਼ੇ ਵੰਨ-ਸਵੰਨੇ

ਬਣੀਆਂ ਨੇ ਲੇਖਾਂ ਦੀਆਂ ਲੀਕਾਂ ਸੋਚਾਂ ਰੰਗ-ਬਰੰਗੀਆਂ,

ਪਹਿਲੀ ਉਮਰੇ ਵਿਹੰਦੇ ਰਹੇ ਆਂ ਸੁਫ਼ਨੇ ਵੰਨ-ਸਵੰਨੇ

ਕੀ ਹੋਇਆ ਜੇ ਬੁਝ ਗਈਆਂ ਨੇ ਪਲਕਾਂ ਦੀਆਂ ਮਸਾਲਾਂ,

ਦਿਲ ਦੇ ਅੰਦਰ ਬਲਦੇ ਨੇ ਪਏ ਦੀਵੇ ਵੰਨ-ਸਵੰਨੇ

📝 ਸੋਧ ਲਈ ਭੇਜੋ