ਫੇਰ ਦਮਾਮਾ ਯੁੱਧ ਦਾ ਵੱਜਿਆ
ਗੱਜੀਏ ਰਣ ਵਿੱਚ ਖੜ੍ਹ ਕੇ।
ਹੱਕ ਅਤੇ ਇਨਸਾਫ਼ ਦੀ ਖ਼ਾਤਰ
ਹੱਥ ਭਗੌਤੀ ਫੜ ਕੇ।
ਉਹ ਜੰਮਣਾ ਵੀ ਕਾਹਦਾ ਜੰਮਣਾ
ਉਹ ਜੀਣਾ ਕੀ ਜੀਣਾ,
ਜੇ ਨਾ ਖਾਵੇ ਲਹੂ ਉਬਾਲਾ
ਜੇ ਨਾ ਡੌਲੇ ਫਰਕੇ।
ਕਿਉਂ ਦਰ ਦਰ ਤੇ ਅਲਖ ਜਗਾਈਏ
ਅਸੀਂ ਨਾ ਕੋਈ ਭਿਖਾਰੀ,
ਖੋਹ ਲੈਣੇ ਨੇ ਕਣਕ ਦੇ ਸਿੱਟੇ
ਨਾਲ ਵੈਰੀਆਂ ਲੜ ਕੇ।
ਕੀ ਹੋਇਆ ਕੁਝ ਤਾਰੇ ਟੁੱਟੇ
ਮਘਦੇ ਹੋਰ ਹਜ਼ਾਰਾਂ,
ਜਿਨ੍ਹਾਂ ਚੀਰ ਹਨੇਰਾ ਮਿਲਣਾ
ਸੂਰਜ ਨੂੰ ਜਾ ਤੜਕੇ।
ਪੌਣ ਪੁਰੇ ਦੀ ਲੈ ਕੇ ਆਈ
ਰੋਹ ਦੇ ਨਵੇਂ ਸੁਨੇਹੇ,
ਸਾਂਭ ਨਾ ਹੋਣੇ ਕੱਖਾਂ ਤੋਂ
ਜੋ ਸ਼ੋਅਲੇ ਅੱਜ ਨੇ ਭੜਕੇ।