ਚੰਨ ਦੇ ਨੂਰ ਮੇਲ੍ਹਦਾ ਫਿਰਦਾ
ਝਿਮ ਝਿਮ ਕਰਦਾ ਨਾਗ-
ਵਣ 'ਤੇ ਜਗਮਗ ਜੋਤ ਕਹਿਰ ਦੀ
ਫੜੇ ਹਵਾ ਦੀ ਵਾਗ।
ਤੁੰਦ ਪੌਣ ਕੰਠ ਵਿਚ ਸੁੱਤੀ
ਸਭ ਕਮਲਾਂ ਨੂੰ ਯਾਦ,
ਸ਼ਾਹ ਰਗ ਹੇਠਾਂ ਸ਼ੀਰੀਂ ਲੈ ਕੇ
ਹੇਕ ਪਈ ਇਕ ਜਾਗ।
ਕਾਲਾ ਭੈਅ ਵਿਚ ਡੂੰਘੇ ਖੂਹੇ
ਗਾੜ੍ਹਾ ਹੁੰਦਾ ਜਾਵੇ,
ਝਿਮ ਝਿਮ ਨਾਗ ਫਿਰੇ ਵਿਚ ਰੋਹੀਆਂ
ਰੁੱਖ 'ਤੇ ਊਂਘੇ ਕਾਗ।
ਬੰਦ ਕਮਲ ਨੇ ਬੂਹਾ ਕੀਤਾ
ਧਰਤੀ ਖੜੀ ਦੁਆਰ,
ਤੇਰੇ ਮਤਸਕ ਚਾਨਣ ਹੋਇਆ
ਮਿੱਟੀ ਬਣੀ ਚਰਾਗ਼।
ਤੇਰੇ ਡੰਗ ਨੂੰ ਖ਼ਬਰ ਨਹੀਂ ਕੁੱਝ
ਜੀਂਦਾ ਮੋਇਆ _ ਕੌਣ ?
ਵਣ-ਬੇਲੇ ਸਭ ਜੂਹਾਂ ਅੰਦਰ
ਚੜ੍ਹਿਆ ਲਹੂ ਸੁਹਾਗ !
ਨਾਗਾ ਵੇ ਤੈਂ ਰੈਣ ਬਉਰਾਣੀ
ਰੋਹੀਆਂ ਤੈਂਡੀ ਹੇਕ,
ਵਣ-ਤ੍ਰਿਣ ਪਾਰ ਕੱਲਰ ਦੇ ਮੌਲੇ
ਦੂਰ ਮਹੀਨਾ ਮਾਘ।
ਤੇਰੀ ਨਾਲ ਨਿਗਾਹ ਦੇ ਕੰਬਦੇ
ਖ਼ਾਕ ਦੇ ਉਹਲੇ ਘੁੰਡ,
ਧਰੁ ਦੇ ਰੂਪ ਨੂੰ ਓਢਣ ਤੈਂਡਾ
ਭਖ਼ਦਾ ਰੋਹ ਦਾ ਰਾਗ।
ਤੈਂਡੀ ਰੂਹ ਨੂੰ ਧਰਤ ਸੌਂਪਿਆ
ਸਭ ਤਰਬਾਂ ਦਾ ਰਾਜ,
ਸੱਭੋ ਰੁੱਖ ਵਣਾਂ ਦੇ ਹੱਲੇ
ਤੈਂਡੇ ਵਜਦ ਨੂੰ ਝਾਗ।
ਨਸ਼ਾ ਨਵੇਲਾ ਰਿਜ਼ਕ ਦੇ ਅੰਦਰ
ਤੋੜੇ ਖ਼ਾਕ ਦੇ ਬੂਹੇ,
ਫਣ 'ਤੇ ਨਾਦ ਕਰਾਰਾ ਝੁਲਦਾ
ਜੀਭ 'ਤੇ ਕਾਲ ਦਾ ਦਾਗ਼।