ਰੂਹ ਦੀ ਟੇਕ ਗਈ ਤਾਂ ਮਿਲੇ ਟਿਕਾਅ ਕਿੱਥੇ,
ਪਗ ਪਗ ਉੱਤੇ ਡਗ ਮਗ ਡਗ ਮਗ ਡੋਲ ਰਹੇ।
ਔਸੀਆਂ ਵਿਚ ਉਲਝੀਆਂ ਲੀਕਾਂ ਲੇਖ ਦੀਆਂ,
ਲੱਭਦੇ ਲੱਭਦੇ ਚੀਚੋ ਚੀਚ ਘਚੋਲ ਰਹੇ।
ਕਿਉਂ ਕਿੱਦਾਂ ਦੀ ਖੱਟਿਆ ਅਤੇ ਗਵਾਇਆ ਕੀ,
ਯਾਦਾਂ ਦੀ ਘਸਮੈਲੀ ਪੱਤਰੀ ਫੋਲ ਰਹੇ।
ਮਸਾਂ ਮਿਲੇ ਸੀ ਮੁਠ ਕੁ ਮੋਤੀ ਸਾਹਾਂ ਦੇ,
ਰੋਜ਼ੀ ਦੇ ਰਾਹਾਂ ਵਿਚ ਘੱਟੇ ਰੋਲ ਰਹੇ।
ਸਾਬਤ ਸ਼ੀਸ਼ੇ ਵਿਚ ਅਚਾਨਕ ਗੁੰਮ ਹੋਏ,
ਹੁਣ ਕਿਰਚਾਂ ਵਿਚ ਟੁੱਟਿਆ ਕਣ ਕਣ ਟੋਲ ਰਹੇ।
ਡਾਰੋਂ ਖੁੰਝੇ ਪੰਛੀ ਉੱਡਣਾ ਭੁੱਲ ਬੈਠੇ,
ਬੇਬੱਸ ਉਦਰੇਵੇਂ ਦੀ ਬੋਲੀ ਬੋਲ ਰਹੇ।
ਚਾਂਦੀ ਦੀਆਂ ਝਾਂਜਰਾਂ ਪੈਰੀਂ ਪਾ ਲਈਆਂ,
ਕਤਰੇ ਹੋਏ ਖੰਭ ਹਵਾ ਵਿਚ ਤੋਲ ਰਹੇ।