ਚੁੱਪ ਰੂਹ ਧਰਤ ਦੀ ਜਾਗੀ
ਧ੍ਰੂ ਤਕ ਖਿੱਚ ਕਮਾਨਾਂ।
ਸੈ ਰੁੱਤਾਂ ਦੀਆਂ ਪੀਂਘਾਂ ਉੱਤੇ
ਉੱਡੀ ਵਾਂਗ ਰਕਾਨਾਂ।
ਥਲ ਡੂਗਰ ਨੈਂ ਸਿੰਧ ਮੇਦਨੀ
ਨੱਸੇ ਖਾ ਝਰਨਾਟਾਂ।
ਪਲ ਪਲ 'ਤੇ ਬਿਜਲਾ ਕੇ ਉਠੀਆਂ,
ਅਣਦਿੱਸ ਸੁੱਤੀਆਂ ਵਾਟਾਂ।
ਕੰਵਲ ਦੀ ਡੂੰਘੀ ਨੀਂਦੋਂ ਉਠਦਾ,
ਰੰਗ ਪਿਆ ਵਿਚ ਬੁੱਤਾਂ।
ਅੰਬ ਬੰਬੂਲ ਸਰੀਹਾਂ ਉੱਤੇ,
ਕਰਵਟ ਲੈਂਦੀਆਂ ਰੁੱਤਾਂ।
ਮੇਰੇ ਲਹੂ-ਸਿੰਧ ਵਿਚ ਉਬਲੇ
ਜੋਸ਼ ਚਰਖ ਦਾ ਸਾਰਾ।
ਤਾਂਘ ਦੇ ਹਰ ਬੂਹੇ 'ਤੇ ਬੈਠਾ
ਧਰਤੀ ਦਾ ਵਣਜਾਰਾ।
ਆਈਆਂ ਜਦੋਂ ਚੁੱਪ ਮੈਂ ਸਾਹਮੇ
ਸਦੀਆਂ ਤੁਰ ਫਰਿਆਦਾਂ।
ਜ਼ਿਮੀਂ ਕੰਵਲ ਦੀ ਖਾਰੀ ਚਾਈਆਂ
ਮਿਹਰਬਾਨ ਰਸ-ਯਾਦਾਂ।
ਪੀਲੂ ਵਾਂਗੂੰ ਟਸਕ ਕੇ ਖੜੀਆਂ,
ਸੁਪਨੇ ਵਿਚ ਫੁਹਾਰਾਂ।
ਰਾਤ ਦੀ ਛਾਤੀ ਹੜ੍ਹ ਜਾਵਣਗੀਆਂ
ਜਜ਼ਬੇ ਦੀਆਂ ਉਜਾੜਾਂ।
ਜ਼ਿਮੀਂ ਦੇ ਵੇਖ ਲਏ ਮੈਂ ਪੈਂਡੇ,
ਜੋ ਨ ਮੌਤ ਵੰਝਾਣੇ।
ਅੱਜ ਤਾਂ ਜ਼ਾਮਨ ਬਣ ਜਾਵਣਗੇ,
ਧਰ ਦੇ ਬੋਲ ਅੰਞਾਣੇ।
ਸ਼ੇਸ਼ ਰੋਲ ਰਿਹਾ ਮਣੀਆਂ ਨੂੰ,
ਚੁੱਕ ਅੰਬਰ ਦੀ ਖਾਰੀ।
ਛਲਕ ਰਿਹਾ ਜਜ਼ਬੇ ਦੇ ਵਾਂਗੂੰ,
ਤਾਰਿਕਾ ਮੰਡਲ ਭਾਰੀ।
ਪਿਰਮ ਪਿਆਲਾ ਦਿਲ ਦਾ ਓਦੋਂ
ਰੁਲੇ ਨ ਵਿਚ ਖਲਾਵਾਂ;
ਜਦੋਂ ਕਦੇ ਆਸ਼ਿਕ ਨੂੰ ਦੇਵਣ
ਬੂੰਦਾਂ ਅਮਰ ਝਨਾਵਾਂ।
ਧਰ ਦੀ ਰੂਹ ਨ ਜਾਣ ਸਕਣਗੇ
ਦਿਲ ਹੁਸਨਾਂ ਬਿਨ ਸੈਂਦੇ,
ਦਰਦ-ਉਡੀਕ ਬਿਨਾਂ ਖੇਵਟ ਕਦ
ਵਲ ਨਦੀਆਂ ਦੇ ਵੈਂਦੇ ?
ਪਰਬਤ ਖੁਸ਼ਕ ਤੇ ਸੌਂ ਨਹੀਂ ਗਈਆਂ
ਕੁਹਕਨ-ਦਿਲ-ਪਰਵਾਜ਼ਾਂ।
ਟਿਕ ਟਿਕ ਤੇਸੇ ਦੀ ਵਿਚ ਛੁਪਣਾ
ਮੂਕ ਧਰਤ ਦਿਆਂ ਰਾਜ਼ਾਂ।