ਰੂਹ ਤੀਕ ਧਸ ਜਾਂਦੇ

ਨਹੀਂ ਮਨਜ਼ੂਰ, ਛਿੱਲਣਾ ਜਿਸਮ ਹੀ ਬਸ ਨੇਜ਼ਿਆਂ ਵਾਂਗਰ। 

ਅਸੀਂ ਰੂਹ ਤੀਕ ਧਸ ਜਾਂਦੇ ਹਾਂ, ਭੈੜੇ ਫ਼ਿਕਰਿਆਂ ਵਾਂਗਰ

ਖ਼ੁਦਾਇਆ ! ਭੇਜ ਇਸ ਪਾਸੇ ਕਿਸੇ ਅੰਨੇ ਵਪਾਰੀ ਨੂੰ, 

ਦੁਆ ਕਰਦੇ ਹਾਂ ਇਹ ਦਿਨ ਰਾਤ, ਖੋਟੇ ਸਿੱਕਿਆਂ ਵਾਂਗਰ।

ਮਨਾਂ ਵਿੱਚ ਮਾਰ ਕੇ ਗੰਢਾਂ, ਹਾਂ ਬਹਿ ਜਾਂਦੇ ਅਸੀਂ ਵੱਡੇ, 

ਕਦੋ ਸਿੱਖਣੈ ਅਸੀਂ, ਰੁਸਣਾ ਤੇ ਮੰਨਣਾ, ਬੱਚਿਆਂ ਵਾਂਗਰ।

ਬਿਨਾ ਦੱਸੇ ਹੀ ਉਸ ਜਦ ਝਾੜ ਦਿੱਤਾ ਬਿਸਤਰਾ ਮੇਰਾ, 

ਹਜ਼ਾਰਾਂ ਜਿਸਮ ਡਿੱਗੇ ਫ਼ਰਸ਼ ਉੱਤੇ, ਛਿਲਕਿਆਂ ਵਾਂਗਰ।

ਸਿਵਾ ਧੁੱਪ ਦਾ ਮਿਲੇ ਜਾਂ ਕਬਰ ਧਰਤੀ ਦੀ ਮਿਲੇ ਸਾਨੂੰ, 

ਕਦੋਂ ਤਕ ਲਟਕਦੇ ਰਹਿਣਾ ਹੈ, ਏਦਾਂ ਤੁਪਕਿਆਂ ਵਾਂਗਰ।

ਖ਼ੁਦਾਇਆ! ਭਸਮ ਹੀ ਕਰਦੇ ਜੇ ਮੇਰਾ ਮੁਲਕ ਹੈ ਤਾਂ ਕੀ

ਕਰੋੜਾਂ ਲੋਕ ਜਿਸ ਵਿੱਚ ਰੀਂਗਦੇ ਨੇ, ਕੀੜਿਆਂ ਵਾਂਗਰ।

ਤੂੰ ਬਣ ਕੇ ਬੁੱਤ, ਪੱਥਰ 'ਚੋਂ ਕਿਵੇਂ ਜਲਵਾ-ਨੁਮਾ ਹੁੰਦੀ, 

ਅਲੱਗ ਹੁੰਦਾ ਨਾ ਜੇ ਉਸਤੋਂ, ਮੈਂ ਵਾਫ਼ਰ ਟੁਕੜਿਆਂ ਵਾਂਗਰ।

📝 ਸੋਧ ਲਈ ਭੇਜੋ