(1)

“ਜ਼ਾਲਿਮਾ ਚਾਂਦਨੀ ਵਗੀ, ਚਾਂਦਨੀ ਉੱਠੀ 

ਕਾਲੀ ਮੇਘ ਜਹੀ ਪਹਾੜ ਦੀ ਟੀਸੀ ਤੋਂ। 

ਬਣਿਆਂ ਚੰਨ ਕੋਲ ਸਿਤਾਰਿਆਂ ਦਾ ਅੱਖਰ 

ਨੂਰ ਨੇ ਭਿਉਂ ਦਿਤੇ ਵਣਾਂ ਦੇ ਪੱਤਰ— 

ਜਾਗ ਪਰਦੇਸੀਆ, ਕੋਈ ਆਇਆ ਪਹਾੜਾਂ ਤੇ। 

ਮਿੱਟੀ 'ਚ ਲਿਟੀਆਂ ਬੁੱਢਿਆਂ ਨਾਗਾਂ ਦੇ ਵਾਂਗੂੰ 

ਅਧਖੜ ਵਣਾਂ ਦੀ ਤਪਸ਼ ਹੇਠ ਬਰਸਾਂ ਤੋਂ 

ਥੱਕੀਆਂ ਜੜਾਂ ਕੀ ਜਾਣਨ ਕਿ ਅੰਮ੍ਰਿਤ ਨੇ 

ਕਿਸੇ ਪਲ ਰਾਖ-ਰੰਗੀ ਮੌਤ ਪੀ ਜਾਣੀ ਹੈ।

ਧਸੇ ਧਰਤੀ 'ਚ ਬਿਰਖਾਂ ਦੇ ਬੇ-ਜਾਨ ਫੇਫੜੇ 

ਕੋਹਾਂ 'ਚ ਮਿੱਟੀ ਦਾ ਮੁਰਦਾ ਹੈ ਵਿਛਿਆ; 

ਕੌਣ ਜਾਣੇ ? ਉਹਨਾਂ ਨੂੰ ਦੂਰ ਦੀ ਦੁਨੀਆ 'ਚੋਂ 

ਕਾਲਿਆਂ ਮੇਘਾਂ ਨਾ' ਉੱਡਦੀ

ਚਿੱਟਿਆਂ ਹੰਸਾਂ 'ਚ ਘੁੰਮਦੀ

ਸਖੀ ਲਗਰਾਂ ਦੀ ਹਰੀ-ਭਰੀ ਨੇ ਚੁੰਮਨਾ 

ਤੇ ਡੁਲ੍ਹਣਾ ਉਸ ਸੋਹਣੀ ਸਮੀਰ ਦੇ ਨੈਣੀਂ— 

ਉੱਠ ਜ਼ਾਲਿਮਾ, ਕੋਈ ਆਇਆ ਪਹਾੜਾਂ ਤੇ।”

ਨੀਂਦ ਖੁਲ੍ਹੀ, ਮੈਂ ਕਿਹਾ : ‘ਵਤਨ ਨੂੰ ਪਰਤਾਂ 

ਪੀ ਚਲਾਂ ਇਸ ਕੰਵਲ ਤੋਂ ਹੀ ਨੀਰ ਦੀ ਚੂਲੀ 

ਇਸ ਉਮਰ ਦੀ ਨੀਂਦ ਤੇ ਛਾਂ ਰਹੀ ਜ੍ਹੀਦੀ। 

ਦੂਧ ਕੰਵਲ ਦੇ ਅੰਗਾਂ ਦਾ ਚਾਨਣਾ ਲੈ ਕੇ 

ਸਿੰਜੀ ਨੀਂਦ ਜੁਆਨੀ ਦੀ ਸੋਹਣੀਆਂ ਤ੍ਰੇਲਾਂ।... 

ਕ੍ਰੋਧ ਖਿੰਘਰ ਜਿਹਾ ਬਣ ਹੱਡਾਂ 'ਚ ਸੁੱਤਾ 

ਬੋਲ੍ਹਾ ਅੰਦਰੋਂ ਬਾਹਰੋਂ, ਫ਼ਕੀਰ ਦੇ ਸੀਸ ਨੂੰ ਭੰਨਣ

ਜੋ ਸੀ ਰਿੜ੍ਹਿਆ ਕਹਿਰ ਵਿਚ ਸੁੱਕੀ ਪਹਾੜੀ ਤੋਂ; 

ਸੋਹਣੇ ਕੰਵਲ ਕੋਲੋਂ ਬਖ਼ਸ਼ਿਸ਼ਾਂ ਨੈਣਾਂ ਦੀਆਂ 

ਪਾਈਆਂ ਉਸ ਗ਼ਰੀਬ ਪੱਥਰ ਨੇ ਮੰਨ ਕੇ ਭੁੱਲਾਂ 

ਤੇ ਵੈਰਾਗ ਦੇ ਪਾਣੀ ਵਗੇ ਨੀਂਦ ਦੇ ਰਾਹਾਂ ਵਿੱਚ...

ਜਾਂ ਚੰਨ ਦੇ ਕੰਢੇ ਲਹਿਰਾਂ ਕੰਬੀਆਂ 

ਤੇ ਘੁਲੀ ਮੇਰਿਆਂ ਹੱਡਾਂ 'ਚ

ਸੈਆਂ ਪਹਾੜਾਂ ਦੀ ਨੀਂਦ-

ਤਾਂ ਪੈਂਡੇ ਮਾਰ ਕੇ ਬਰਫ਼ਾਂ ਦੀ ਚਾਂਦਨੀ ਪਿਆਰੀ 

ਆਈ ਅਜਨਬੀ ਬਣ ਕੇ ਕੰਵਲ ਦੇ ਦੁਆਰੇ ਤੇ।...

ਉਸ ਦੇ ਪੈਂਡੇ ਦੇ ਜਾਦੂ ਛਿਣ ਲਏ ਜੀਵੇਂ

ਅਰਸ਼ਾਂ ਨੂੰ ਛੂੰਹਦੇ, ਠੰਡੀਆਂ ਪੌਣਾਂ 'ਚ ਤਰਦੇ 

ਅਰਸ਼ਾਂ ਦੇ ਰੰਗ ਹਿੱਲੇ ਰੂਹਾਂ ਦੇ ਦੇਸ- 

ਲਾਲੀ ਨਦਰ ਦੀ ਟਿਕੀ ਰਹੀ ਜਿੰਦ 'ਤੇ ਜੀਵੇਂ

ਕਾਫ਼ਲੇ ਤੁਰਦੇ ਰਹੇ ਤੇਰੀ ਦੁਨੀਆ ਤੋਂ ਕੇ 

ਯੁਗਾਂ ਪਹਿਲਾਂ ਕੰਵਲ ਤੂੰ ਜਾਦੂ ਛਿਣੇ

ਵਤਨ ਨੂੰ ਪਰਤਾਂ ਰਾਤ ਹੈ ਲੰਮੀ

ਅੱਧੀ ਰਾਤ ਮੈਂ ਜੋਗੀ ਦੇਸ ਜਾ ਆਖਾਂ

“ਜਾਗ ਕਿ ਨਦੀਆਂ ਦੇ ਨਵੇਂ ਰਾਹ ਮੈਂ ਲੱਭੇ

ਜਾਗ ਕਿ ਵਣਾਂ ਵਿਚ ਤੇਰੇ ਸੰਤ ਮੈਂ ਦੇਖੇ

ਹਵਾਏ ਜਗਾ ਨੀ ਸੁੱਤੇ ਕਬਰ ਵਿਚ ਹਾਣੀ 

ਆਖ ਕਿ ਤੁਸਾਂ ਦਾ ਆਇਆ ਅਜਬ ਹੀ ਬੇਲੀ।” 

ਪੀ ਚਲਾਂ ਇਸ ਕੰਵਲ ਤੋਂ ਨੀਰ ਦੀ ਚੂਲੀ !

ਗ਼ੁੱਸੇ, ਗਿਲੇ, ਹਿਰਸ, ਪਾਪ ਮੋਏ

ਜੀਣ ਸੁਫਨੇ ਦੀ ਜਲੀ ਮਿੱਟੀ ਦੇ ਵਾਂਗੂੰ। 

ਤ੍ਰਿਸ਼ਨਾਵਾਂ ਤੇ ਭਲਾ ਰੂਹ ਕਿਉਂ ਰੌਸ਼ਨ ਹੈ ?

ਜੜ੍ਹਾਂ ਬੁੱਢੀਆਂ ਲੁਕਾ ਕੇ ਮਹਿਕਣ ਵਣ ਕਿਉਂ ਮੇਰੇ ?

ਮਿੱਟੀ ਦੇ ਮੁਰਦੇ ਤੇ ਰੰਗਾਂ ਦਾ ਕਫ਼ਨ ਤਾਂ ਨਹੀਂ

ਮੈਂਡੀ ਅੱਧੀ ਰੂਹ ਤੇ ਵਗਦਾ

ਹਾਇ ! ਇਹਨਾਂ ਰੰਗਾਂ ਦਾ ਪਾਣੀ !

ਇਲਹਾਮ ਹੋਇਆ ਕਿਹੜੇ ਪਹਾੜਾਂ ਤੋਂ

ਲਗਰਾਂ ਨੇ ਵੰਨ ਕੀਤੇ ਮਿੱਟੀ 'ਚੋਂ ਨਿਕਲਕੇ 

ਕਲੀਆਂ ਹੁੰਮ ਹੁਮਾਈਆਂ, ਕੰਵਲ ਦੇ ਦੁਆਲੇ-

ਟੀਸੀਆਂ ਤੇ ਢਿਲਕੀਆਂ ਗੋਰੀਆਂ ਰਾਤਾਂ 

ਅੱਜ ਸਭਨਾਂ ਤ੍ਰੇਲਾਂ ਦੀ ਝੋਲ ਵਿਚ ਤਾਰੇ, 

ਹਾਇ ਮੈਂ ਭੁੱਲ ਗਿਆ ਨਦੀ ਦੇ ਕਿਨਾਰੇ।

ਕਿੱਥੇ ਗਈ ਮੇਰੇ ਦੇਸ ਦੇ ਪਾਣੀ ਜੋ ਲਿਆਉਂਦੀ

ਉਹ ਕੰਵਲ ਨਾ ਦੀਂਹਦਾ, ਜੋ ਪਹਿਰੇਦਾਰ ਸੀ ਮੇਰਾ, 

ਜਿੰਦ ਵਸੇ ਜਿਸ ਦੀ ਪਤਾਲ ਦੇ ਖੂਹਾਂ ਵਿੱਚ।

ਜਾਣ ਨੱਸੇ ਰਾਜ ਕਰਿ ਵਣਾ ਵਿੱਚ ਬਰਸਾਂ 

ਉਹ ਨਾਗ ਹੰਕਾਰੀ, ਮਹਿਕ ਦੇ ਮਾਰੇ। 

ਵਣ ਜਿਵੇਂ ਕੰਵਲ ਬਣ ਪੈਰਾਂ ਤੇ ਝੁਕਿਆ 

ਉਹ ਜਾਣ ਦੇਂਦਾ, ਉਹ ਪੈਰਾਂ ਨੂੰ ਛੋਂਹਦਾ। 

ਚੰਨ ਜ਼ੋਰ ਕਰਦਾ, ਲਗਰਾਂ ਹਿੱਕ ਤੇ ਪਲਮਣ 

ਨੰਨ੍ਹੀਆਂ ਤ੍ਰੇਲਾਂ ਨੈਣਾਂ 'ਚ ਝਮਕਣ— 

ਹਾਇ, ਮੈਂ ਭੁੱਲ ਗਿਆ ਨਦੀ ਦੇ ਕਿਨਾਰੇ !

ਮੈਂ ਤੁਰਿਆ, ਕੁੱਝ ਕਦਮਾਂ ਤੇ ਸ਼ਾਖ ਹਿੱਲੇ 

ਢਿਲਕੇ ਜੂੜੇ ਜਹੀ, ਸਿਰੇ ਤੇ ਝੂੰਮਦਾ ਪੰਖੀ। 

ਚੰਨ ਦੀ ਰਗੜ ਵਜੇ ਅਰਸ਼ਾਂ ਤੋਂ ਆ 

ਪੰਖ ਦੀ ਸਫ਼ੈਦੀ ਹੋਰ ਵੀ ਚਮਕੇ।

ਚੁੰਜ ਵਿਚ ਕਲੀ, ਨੈਣ ਸਨ ਉਡੀਕਦੇ ਮੈਨੂੰ।... 

ਨਜ਼ਰ ਦਾ ਡੰਗ ਮਾਰ ਮਿਰੇ ਲੁਕੇ ਪਾਪਾਂ ਤੇ, 

ਪ੍ਰਸੰਨ ਹੋ, ਤੱਕ ਲੁਕੇ ਰੰਗਾਂ ਨੂੰ ਪੁੱਛੇ

“ਮਿਰੇ ਰਾਗ ਨੇ ਜਗਾਇਆ ਹੁਣੇ ਤੂੰ ਜਾਪੇਂ” 

ਮੈਂ ਕਿਹਾ: “ਤੇਰੇ ਰਾਗ ਨੇ ਜਗਾਇਆਂ 

ਪਰ ਇਹ ਸਾਰਾ ਵਣ ਨਾਰ ਕਿਉਂ ਬਣਿਆਂ

ਮਗ਼ਰੂਰ ਸ਼ਾਖਾਂ ਲਮਕੀਆਂ ਵੇਲਾਂ ਹੋ ਕਿਉਂ

ਚੁਭਣ ਪੈਰਾਂ 'ਚ ਸੂਲਾਂ ਨਖਰਿਆਂ ਵਾਂਗੂੰ— 

ਪੌਣੀਂ ਸਾਹ ਰਹੇ ਸੂਰਜ ਦੇ ਕਿਉਂ

ਜ਼ਰਦ ਉਲਝੇ ਸਿਰ ਨਾ ਰਹੇ ਬਿਰਖਾਂ ਦੇ ਵੱਡੇ 

ਕਰਦੇ ਸੀ ਜੋ ਮਿਟ ਰਹੇ ਸ਼ਾਹਾਂ ਦੇ ਵਾਂਗੂੰ 

ਲਗਰ ਦੀ ਕਲਗੀ ਸਜਾਉਣ ਦਾ ਮਾਣ ਫੋਕਾ।

ਔਰ ਪੱਥਰ ਸੌਂ ਰਹੇ ਪਤਲੀਆਂ ਧਾਰਾਂ ਦੇ ਥੱਲੇ 

ਜਿਨ੍ਹਾਂ ਸੰਗ ਚਿਤਰੇ ਹਜ਼ਾਰਾਂ 

ਧਾੜ ਕੇ ਪਰਬਤਾਂ ਅੰਦਰ

ਖ਼ੂਨੀ ਨਹੁੰਦਰਾਂ ਤਿੱਖੀਆਂ ਕਰਦੇ।

ਹਾਥੀ ਚਿੰਘਾੜਣ ਤਾਂ ਜਿਹੜੇ ਚਿੰਘਾੜਣ 

ਅੱਜ ਉਹ ਪੱਥਰ ਅਰਾਧਨਾ ਨਾਰਾਂ ਦੀ ਕਰਦੇ। 

ਚਾਂਦਨੀ ਦੇ ਹੁਕਮ ਵਿੱਚ ਤੁਰ ਰਹੇ ਪਾਣੀ 

ਇਹ ਮੇਘ ਨੇ ਬੂੰਦਾਂ 'ਚ ਉੱਡਦੇ ਪਏ, 

ਰੂਹ ਦੀ ਅਨੰਤ ਛਾਂ ਥੱਲੇ

ਨੀਂਦ ਪਈ ਅਜ਼ਲਾਂ ਦੀ,

ਸੌਂ ਗਿਆ ਮੇਰਾ ਗੁੱਸਾ ਮਹਿਕ ਦੀ ਦੁਨੀਆ।

ਹਾਇ ! ਨਿੰਦ੍ਰਿਆ ਗਏ ਮੇਰੇ ਸੂਰਮੇ ਬਾਣ 

ਮੇਰੇ ਬੋਲੀਂ ਘੂਕ ਨਾ ਗੂੰਜੇ ਸੰਘਰਸ਼ਾਂ ਦੀ। 

ਮੇਰੀ ਨਾੜਾਂ 'ਚ, ਮੇਰੀ ਲਹੂ-ਬੂੰਦਾਂ 'ਚ ਕਿਧਰੋਂ 

ਕਾਮ ਦਾ ਰਾਗ ਪਿਆ ਸੀਸ ਨੂੰ ਧਾਏ। 

ਨਾ ਜਾਣਾ ? ਕੰਵਲ ਦੀ ਛਾਂ ਵਾਲੇ ਠੰਢੇ ਬੈਕੁੰਠੀਂ 

ਕਦੋਂ ਜਾ ਗੂੰਜਣ ਤਾਨਾਂ ਬਰੀਕ ਇਹ। 

ਇਹ ਆਕਾਸ਼, ਇਹ ਸਿਤਾਰੇ, ਮੇਰੀ ਹਸਤੀ 

ਕਸਮ ਅੱਲਾ ਦੀ ਮੈਨੂੰ ਨਾਰ ਹੀ ਜਾਪਣ।”

ਪੰਖੀ ਨੇ ਨਜ਼ਰ ਚੁੱਕੀ ਜਿਸ ਵਿਚ ਮਰਦ ਸੀ ਪੂਰਾ 

ਤੇ ਯੁਗਾਂ ਦੀ ਬਜ਼ੁਰਗੀ ਦੇ ਚਿੰਤਨ ਦਾ ਜਲਵਾ 

ਧਾਰਮਿਕ ਪੁਰਸ਼ਾਂ ਦੇ ਵਾਂਗੂੰ, ਬਾਬੇ ਦੀ ਵਾਜ ਵਿੱਚ ਪੁੱਛੇ

“ਕੌਣ ਹੈਂ ਤੂੰ ? ਕਿੱਥੋਂ ਹੈਂ ਆਇਆ ?

ਬਹੁਤ ਬੋਲੇਂ, ਨਸ਼ੇ ਵਿਚ ਜੀਵੇਂ।”

ਮੈਂ ਕਿਹਾ : "ਹੈਵਾਨ ਸਾਂ ਮੈਂ ਬਾਬਾ

ਛੁਰੀਆਂ ਦੀ ਤਿੱਖੀ ਧਾਰ ਨਜ਼ਰ ਵਿੱਚ ਕਰਦਾ 

ਜੱਲਾਦ ਮੇਰੇ ਅੰਦਰ ਦਾ ਫ਼ਿਜ਼ਾ ਵਿਚ ਦੌੜੇ 

ਕੱਢਦਾ ਜਗਤ ਨੂੰ ਚੀਕ ਕੇ ਗਾਲ੍ਹਾਂ

ਸੰਘਰਸ਼ ਵਿੱਚ ਮੈਂ ਗੂੰਜਣਾ ਚਾਹਿਆ; 

ਕੁੱਝ ਗੀਤਾਂ 'ਚ ਭਰੀ ਮੈਂ ਹਥੌੜੇ ਦੀ ਵਾਜ— 

ਪਰ ਯੁਗ ਦੇ ਸਿੱਥਲ ਅਭਿਮਾਨੀ ਰਾਜਿਆਂ ਵੱਲੋਂ 

ਜੱਲਾਦਾਂ ਦੇ ਖ਼ੂਨੀ ਤਪੇ ਨੈਣਾਂ ਦੇ ਵਿੱਚੋਂ

ਇਕ ਅੱਗ ਕੇ ਮੇਰੀ ਹਸਤੀ 'ਚ ਮੱਚੀ।

ਕਰੋਧ, ਘਿਰਣਾ, ਸ਼ੱਕਾਂ ਦੀ ਗਰਮ ਦਲਦਲ 'ਚੋਂ 

ਨਿਕਲ ਨਾ ਸੂਰਮਾ ਰਣਾਂ ਦਾ ਬਣਿਆਂ। 

ਆਤਮਾ-ਜਿਸਮ ਦੀ ਪੂਨਮ ਦੇ ਦੀਦ ਲਈ 

ਮੈਂ ਆਇਆ ਹਾਂ ਤਿਰੇ ਵਣਾਂ ਵਿੱਚ ਬਾਬਾ।”

ਕਿਹਾ ਪੰਖੀ: “ਤੇਰੀ ਵਾਰਤਾ ਲੰਮੀ ਏ 

ਤੂੰ ਖ਼ੂਨਖਾਰ ਦੁਨੀਆ ਦੇ ਨਿੱਕਿਆਂ ਪਾਪਾਂ ਤੇ

ਦਿਲਗੀਰ ਹੋ ਗਿਆ ਧਰਤੀ ਦੇ ਬੇਟਿਆ।

ਇਹ ਵਣਾਂ ਵਿੱਚ ਤੂੰ ਰਿਸ਼ੀ ਵੀ ਬਣਿਆਂ; 

ਅਣਵਰ੍ਹੇ ਕਾਲੇ ਬੱਦਲਾਂ ਦੀ ਛਾਵੇਂ

ਗਾ ਉੱਠਿਆ ਪੰਖੀਆਂ ਦਾ ਜਗਤ ਜਲੰਦਾ 

ਰੂਹਾਂ ਦੀ ਵੇਦਨਾ ਤਰਸ ਲਈ ਕੂਕੀ।

ਭਿੰਨੀ ਰਾਤ ਵਿੱਚ ਜਾ ਰਹੇ ਅੱਲਾ ਦੇ ਪਿਆਰੇ 

ਇਲਹਾਮ ਦੀ ਬਾਣੀ ਘੋਲ ਗਏ ਨੀਂਦਰਾਂ। 

ਗੰਧ ਡੁਲ੍ਹੀ ਕੰਵਲ-ਛਾਵਾਂ 'ਚੋਂ ਜਗਤ ਦੇ ਫੁੱਲਾਂ ਦੀ

ਸੀ ਨੀਂਦ ਤੇਰੀ ਸ਼ਾਂਤ ਮਹਾਂ ਸਾਗਰਾਂ ਵਰਗੀ। 

ਬਾਰੂਦ ਦਾ ਫਣ, ਹੋਂਦ ਵਿੱਚ ਸੁੱਤਾ ਹੈ ਭਾਵੇਂ 

ਡੂੰਘੇ ਖੂਹਾਂ ਦੇ ਰਾਜ਼ ਨੇ ਤੇਰੇ ਵਿੱਚ ਬੀਬਾ।

ਅਮਲ ਦੀ ਗਰਜ ਸੁਣੀਂ ਤੂੰ ਦੁਨੀਆ ਦੇ ਅੰਦਰ

ਤੈਂ ਰਾਹਾਂ ਤੇ ਦੈਵੀ ਨੂਰ, ਪਰ ਮੰਜ਼ਲ ਸੀ ਛੋਟੀ। 

ਤਿਰੇ ਚੰਦਰਮਾ ਹੇਠ ਰਾਹ ਹੋਰ ਵੀ ਨੇ ਸੋਹਣੇ, 

ਉਹ ਗਿਲਾ ਕਰਸੀ ਜਿਨੂੰ ਛੋਹ ਸਮਾਂ ਨਾਰੀ।”

“ਕਿਨੂੰ ਛੋਹ ਸਮਾਂ ਨਾਰੀ ?

ਹਾਂ, ਹਾਂ! ਸਾਂਵਲ ਬੁੱਤ ਹੈ ਦਿਸਿਆ

ਕਾਲੀ ਮੇਘ ਜਹੀ ਪਹਾੜ ਦੀ ਟੀਸੀ ਤੋਂ।” 

ਇਕ ਨੈਣ ਦੀ ਪਲਕ ਕੰਬੀ

ਕੁੱਝ ਸੋਚ ਕੇ ਡੂੰਘਾ

ਪੰਖੀ ਏਸ ਪਲ ਹੋ ਗਿਆ ਹੋਰ ਵੀ ਸਿਆਣਾ :

“ਬਰਸ ਬੀਤੇ, ਸਹਿਮ ਕੇ ਤਖ਼ਤ ਸੀ ਡੋਲੇ। 

ਰੌਲਾ ਪਿਆ ਰਾਜ ਵਿਚ : ਮਰੇ ਕੋਈ ਦੁਖੀਆ। 

ਜੀਣ ਲੱਗੇ ਭੈਅ ਵਿਚ ਪਹਾੜਾਂ ਦੇ ਪੱਥਰ ਵੀ— 

ਜ਼ਮੀਰ ਦੇ ਚੋਰ ਕਾਲੀਆਂ ਗੁਫ਼ਾਵਾਂ 'ਚ ਉਤਰੇ 

ਭੀੜੀਆਂ ਸੁਰੰਗਾਂ 'ਚ ਨੱਸੇ

ਹੱਦ ਨੂੰ ਚਿਮਟੇ

ਤਿਰੀ ਹੂੰਗਰ ਦੇ ਉਡਣੇ ਸੱਪ ਤੋਂ ਡਰ ਡਰ।

ਕੁਰਲਾਟ ਦਾ ਹਥੌੜਾ ਵਜਦਾ ਰਿਹਾ ਦਿਨ-ਰਾਤ ਨੂੰ ਬਰਸਾਂ 

ਉਨੀਂਦਰੇ ਕੈਦੀ ਦੇ ਵਾਂਗ ਸਮਾਂ ਲੋਹਾ ਹੋ ਖੜਿਆ !

ਫਿਰ ਤੂੰ ਸੌਂ ਗਿਆਂ ਇਕ ਚਾਨਣੀ ਰਾਤੇ। 

ਨੀਂਦ ਤੇ ਛਾਂ ਰਹੀ ਇਕ ਕੰਵਲ ਦੀ ਬਰਸਾਂ 

ਦਿਲ ਜ੍ਹੀਦਾ ਡੁੱਬਿਆ ਸਿਤਾਰਿਆਂ ਦੇ ਪਾਣੀ। 

ਫਿਰ ਤੇਰੇ ਸਿਰ ਤੇ ਚੜ੍ਹ ਇਕ ਸਿਤਾਰੇ ਨੇ 

ਸੈਨਤਾਂ ਮਾਰੀਆਂ ਰਾਹੀਆਂ ਨੂੰ ਬਰਸਾਂ। 

ਇਕ ਕੰਕਰੀ ਰਾਹ ਕਿਸੇ ਵਾਦੀ ਨੂੰ ਜਾਂਦਾ 

ਬਾਰਾਂ ਮਹੀਨੇ ਕਰਨ ਜਿਸ ਤੇ ਟਾਹਲੀਆਂ ਛਾਵਾਂ, 

ਜਿਥੇ ਹਮੇਸ਼ ਜੜ੍ਹਾਂ ਵਹਿੰਦੇ ਪਾਣੀਆਂ ਨੂੰ ਪੀਂਦੀਆਂ। 

ਕੁੱਝ ਜੋਗਨਾਂ, ਕੁੱਝ ਫ਼ਕੀਰਾਂ ਦੇ ਨਾਲ ਉਸ ਰਾਹ ਤੇ 

ਸ਼ਹਿਰਾਂ ਨੂੰ ਛਡਿ ਸਾਂਵਲ ਨਾਰ ਇਕ ਚੱਲੀ। 

ਜਿਉਂ ਵੀ ਹੋਇਆ ਉਹ ਆਈ ਪਹਾੜ ਤੇ, 

ਸ਼ਰਮ ਛੋਹੀ ਜ਼ੁਲਫ਼ ਨੇ ਨੈਣਾਂ ਦੀ।

ਚਾਂਦਨੀ ਦੇ ਘੁੰਘਟ 'ਚ ਸਮਾਂ ਸ਼ਰਮਾਵੇ ਵੀ, 

ਪੱਥਰ ਦਾ ਰਥ ਲਈ ਦੌੜਦਾ ਜਾਵੇ ਵੀ। 

ਤਦ ਮੈਂ ਜਾਣਿਆ ਤੇਰੀ ਹੂੰਗਰ ਨੂੰ ਸੁਣਕੇ 

ਉਹ ਸਮੇਂ ਦਾ ਅਣੂ ਸੀ ਕੰਕਰ ਹੋ ਡਿੱਗਾ ਜੋ

ਤੇਰੇ ਵਣਾਂ ਦੀ ਨਿੱਕੀ ਜਹੀ ਥਾਂ ਅੰਦਰ— 

ਸਮਾਂ ਸਰਬ ਜ਼ਿੰਦਗੀ ਦੁਆਲੇ

ਰੇਸ਼ਮ ਦੇ ਕੀੜੇ ਦੇ ਵਾਂਗੂੰ

ਲਿਪਟਦਾ ਜਾਂਦਾ, ਲਿਪਟਦਾ ਜਾਂਦਾ।”

(2)

ਅਸੀਂ ਹੈਰਾਨੇ ਹੋ ਗਏ, ਭੇਦ ਜਾਣੇ ਦੋ 

ਇਸ ਆਲਮ ਵਿੱਚ ਸੁਣੀ ਨ, ਇਹੋ ਜਿਹੀ ਕੰਨਸੋਅ।

ਸ਼ਾਖ ਭਰੀ ਸੀ ਭਰ ਗਈ, ਨਾਲ ਨਵੀਂ ਖ਼ੁਸ਼ਬੋ 

ਸੰਗਮਰਮਰੀ ਪੰਖ 'ਚੋਂ, ਖਿੜੀ ਕੰਵਲ ਦੀ ਲੋਅ।

ਮੈਂ ਕਿਰਨਾਂ ਤੇ ਵਾਰ ਕੇ, ਵੇਦਨ-ਅੱਥਰੂ ਕੋਅ 

ਬਾਹਾਂ ਕਰਕੇ ਕਿਸੇ ਵੱਲ, ਮਾਰੀ ਵਾਜ ਖਲੋ :

“ਕਲੀਆਂ ਚੁੰਮ ਕੇ ਆਈਆਂ, ਸੱਤ ਅਰਸ਼ਾਂ ਤੋਂ ਜੋ 

ਅੱਜ ਤਾਂ ਸੋਹਣੇ ਹੱਥ ਨਾ,' ਰਿਸ਼ਮਾਂ ਦੇਵੋ ਧੋ। 

ਝੋਕ ਜਿੰਦ ਦੀ ਅੰਦਰਾਂ, ਫੁੱਲ ਮੈਂ ਲਏ ਲੁਕੋ 

ਕਾਲੀ ਜ਼ੁਲਫ਼ 'ਚ ਲਵੋ ਜੀ, ਲੱਖਾਂ ਰੰਗ ਪਰੋ।

ਕੀ ਬਰਫ਼ਾਂ ਵੱਲ ਜਾਵਣਾ, ਸਦਾ ਹੀ ਸੁੱਤੀਆਂ ਜੋ 

ਜਾਦੂਗਰਨੀ ਨਦੀ ਵਿਚ, ਜ਼ੁਲਫ਼ਾਂ ਦੇਵੋ ਡੁਬੋ।"

ਮੇਰੀ ਲੰਮੀ ਵਾਜ ਦਾ, ਲੰਮਾ ਪੈਂਡਾ ਜੋ 

ਯੁਗ ਯੁਗ ਉਸ ਤੇ ਉੱਡਣਗੇ, ਲੱਖਾਂ ਪੰਛੀ ਰੋ।

ਉੱਡਦੇ ਉੱਡਦੇ ਵੇਹਣਗੇ, ਹਰ ਪਰਬਤ ਤੇ ਉਹ 

ਤੁਰਸ਼ ਝਰੀਟ ਆਵਾਜ਼ ਦੀ, ਪਿਆਰ ਮੇਰੇ ਦਾ ਰੋਹ।

ਮੈਂ ਪੰਖੀ ਵੱਲ ਵੇਖਿਆ, ਨਜ਼ਰਾਂ ਦੇ ਵਿੱਚ ਖੋਹ, 

ਕੁੰਡ ਬਹਿਸ਼ਤਾਂ ਵਾਲੜੇ, ਬੂੰਦ ਦੇਂਦੇ ਕੋ। 

ਜਾਪੇ ਉਸ ਨੇ ਪੰਖ ਨੂੰ, ਚਿੱਟੀ ਅਗਨ ਡੁਬੋ 

ਬਰਸਾਂ ਹੀ ਸੀ ਰੱਖਿਆ, ਥਲ ਜਿੱਤਣ ਲਈ ਕੋ। 

ਇਕ ਦੂਰ ਦੀ ਨਦੀ ਦੀ, ਪਿਆਸ ਉਹਦੀ ਵਿੱਚ ਖੋਹ 

ਘਾਟ ਜ੍ਹੀਦੇ ਤੇ ਜਾਣ ਲਈ, ਤਿਆਰ ਰਿਹਾ ਸੀ ਹੋ।

“ਕਿਸ ਅਰਸ਼ਾਂ ਦੇ ਪਰਬਤੋਂ, ਨੀਰ ਰਹੇ ਨੇ ਚੋਅ, 

ਦੱਸੀਂ ਪੰਖੀ ਮੈਂਡਿਆ, ਜੂਹ ਦਿਲਬਰ ਦੀ ਉਹ। 

ਕਿਉਂ ਸਮੇਂ ਵਿਚ ਭਰ ਗਿਆ, ਰੂਪਮਤੀ ਦਾ ਮੋਹ

ਤੇ ਪੱਥਰ ਦਾ ਰਥ ਵੀ, ਕਿਉਂ ਰੂਪ ਸਮੇਂ ਦੇ ਦੋ ?”

(3)

ਲੂੰਅ ਮੈਲੀ ਦੇ ਅੰਦਰਾਂ, ਚਿੱਟੇ ਪੰਖ ਲੁਕੋ, 

ਇੱਕੋ ਪਲ ਵਿੱਚ ਗਿਆ ਸੀ, ਪੰਖੀ ਬੁੱਢਾ ਹੋ।

ਉਸਦੀ ਫੈਲੀ ਨਜ਼ਰ ਸੀ, ਜਿਉਂ ਥਿੜਕੀ ਹੋਈ ਡਾਟ, 

ਜਿੱਥੇ ਫੱਟੇ ਦੁੱਧ ਜਿਉਂ, ਸਮਾਂ ਗਿਆ ਸੀ ਪਾਟ।

ਕਹੇ : “ਤਪੇ ਹੋਏ ਯੋਜਨਾਂ, ਉੱਡਦਾ ਜਾਂਦਾ ਸਾਂ, 

ਪਈ ਤਪੰਦੇ ਪੰਖ ਤੇ, ਸਾਂਵਲ ਬੁੱਤ ਦੀ ਛਾਂ।

ਮਨ ਦੀ ਫ਼ਿਜ਼ਾ 'ਚੋਂ ਬਰ੍ਹਸਿਆ, ਠੰਡਾ ਬੱਦਲ ਕੋ 

ਕਿਥੇ ਕੁ ਚਿੱਟਾ ਚੰਦ੍ਰਮਾ, ਰਿਹਾ ਅਰਸ਼ ਨੂੰ ਧੋ ?

ਮਾਨਵ-ਕਰਮ ਚੋ ਸਮਾਂ ਸੀ, ਮੇਘ ਨਾਦ ਦੇ ਵਾਂਗ 

ਤੀਰ-ਤੇਗ ਲੈ ਧਾੜ੍ਹਿਆ, ਮਾਰ ਜਗਤ-ਰਣ ਚਾਂਗ।

ਕੁਲ ਹਿਮਾਲਾ ਦੀ ਜੀਏ! ਜਿੱਥੋਂ ਸਮੇਂ ਦੀ ਛੋਹ, 

ਹਿਰਦੇ ਬੁੱਧ ਦੇ ਉਤਰਕੇ, ਅਮਰ ਗਈ ਸੀ ਹੋ। 

ਅੱਜ ਸਮੇਂ ਦੀ ਬਚੜਿਆ, ਹੋਰ ਹੋਰ ਸੀ ਛੱਬ, 

ਰੂਪਮਤੀ ਦੇ ਦੇਸ ਵਿੱਚ, ਦਿੱਸਿਆ ਚਾਨਣ ਰੱਬ।”

‘ਹੋਂਦ ਸਮੇਂ ਦੀ ਜਾਣ ਲਈ, ਕੀ ਪੰਖੀ ਜੀ ਤੈਂ

ਜੇ ਸਮਝੋ ਤਾਂ ਦੱਸ ਦਿਉ, ਵਤਨ ਨੂੰ ਜਾਣਾ ਮੈਂ।'

“ਮਨ ਦੀ ਫ਼ਿਜ਼ਾ 'ਚੋਂ ਲੰਘਦੀ”, ਪੰਖੀ ਕਹੇ "ਤਾਰੀਖ 

ਭਾਰੀ ਪਰਬਤ ਵਾਂਗ ਜੋ, ਕੇਸਾਂ ਜਹੀ ਬਾਰੀਕ।

ਝਿੰਮ ਝਿੰਮ ਕਰਦੀ ਆਤਮਾ, ਅਣੂ ਅਣੂ ਦੀ ਲੋਅ 

ਅੱਲਾ ਜਾਣੇ ਪਹੁੰਚਦੀ, ਕਿੱਥੇ ਕਿੱਥੇ ਖ਼ੁਸ਼ਬੋ।

ਅਮਲ ਅਣੂ ਤੋਂ ਪਾਰ ਵੀ, ਹੁੰਦਾ ਭੈਅ ਵਿੱਚ ਕੰਬ, 

ਓਸ ਅਮਲ ਦਾ ਕੋਈ ਵੀ, ਰੂਪ ਚਿਹਨ ਰੰਗ- 

ਉਸ ਕੰਪਨ ਤੱਕ ਸਮੇਂ ਦੀ, ਜਾਂਦੀ ਹੈ ਸ਼ਾਹ ਰਗ, 

ਆਏ ਓਥੋਂ ਨਿਕਲ ਕੇ, ਏਸ ਜਗਤ ਵਿੱਚ ਵਗ।

ਮਾਦੇ ਤੋਂ ਮਾਨੁੱਖ ਤੱਕ, ਚਾਨਣ ਦੇ ਪਰਵਾਰ, 

ਕਿਤੇ ਦਾਗੀ, ਕਿਤੇ ਧੁੰਦਲੇ, ਕਿਤੇ ਦੇਣ ਚਮਕਾਰ।

ਜਿੱਥੇ ਚਾਨਣ ਜ਼ੋਰ ਹੈ, ਤਿੱਥੇ ਅਮਲ ਚੇਤੰਨ, 

ਸਮਾਂ ਤੁਰੇਂਦਾ ਬਾਲਕੇ, ਕੰਦਰਾ ਦੇ ਵਿੱਚ ਚੰਨ।

ਛੁੱਟੇ ਅਮਲ ਚੋਂ ਚਾਨਣਾ, ਪਾ ਟੁਟਦੇ ਤਾਰੇ ਮਾਤ 

ਦੇਸ ਦੇਸ ਵਿਚ ਉੱਡਦੀ, ਅਮਲ ਵਿੱਚੋਂ ਹੀ ਰਾਖ਼।

ਮਾਦੇ ਤੋਂ ਮਾਨੁੱਖ ਤੱਕ, ਉਡਿ ਵਿੰਗੇ-ਤਿੱਖੇ ਰਾਹ 

ਪਸ਼ੂ ਤੋਂ ਚੇਤਨ ਦੇਵਤਾ, ਬਣਦਾ ਰਿਹਾ ਸਦਾ। 

ਬੁੱਤ ਬੰਦੇ ਦਾ ਆਖ਼ਰੀ, ਜਿਸ ਵਿਚ ਫਟਦੇ ਨੂਰ, 

ਜੋ ਮੈਲੇ ਹੋ ਥੱਕਦੇ, ਹੋ ਕੇ ਸਮੇਂ ਤੋਂ ਦੂਰ।

ਰੂਹ ਬੰਦੇ ਦੀ ਘਿਸਰਦੀ, ਜਿਉਂ ਕੁਈ ਜ਼ਖ਼ਮੀ ਸੱਪ, 

ਫਿੱਕੀ ਰੂਹ ਵਿਚ ਉੱਗਦੀ, ਨਿਰੀ ਮਿੱਟੀ ਦੀ ਅੱਖ।

ਫਿਰ ਜ਼ਿਮੀਆਂ ਦੀ ਮਾਲਕੀ, ਫਿਰ ਖ਼ੂਨਾਂ ਦੇ ਖ਼ੂਨ

ਫਿਰ ਛਬੀਆਂ ਵਿੱਚ ਚਿਲਕਦਾ, ਹੌਂਕ ਬੇਅਕਲ ਜਨੂੰਨ

ਜਦ ਵੀ ਰਾਖਸ਼ ਆਇਆ, ਸਮੇਂ ਵਿੱਚ ਲੋਅ 

ਝੁਕੀ ਹੈ ਕਮਰ ਗ਼ੁਲਾਮ ਦੀ, ਜਲੇ ਈਰਖਾ-ਰੋਹ।

ਉਸ ਵੇਲੇ ਫਿਰ ਅਣੂੰ ਤੋਂ, ਪਾਰ ਦਾ ਜਿਹੜਾ ਸੇਕ, 

ਦਿੰਦਾ ਕੇ ਦੂਰ ਤੋਂ, ਲਹੂ-ਬੂੰਦ ਨੂੰ ਛੇਕ।

ਤਦ ਮਾਨਸਰੋਵਰ ਝੀਲ ਤੇ, ਕਾਸਦ ਪਹੁੰਚੇ ਆ 

ਸਿਖਰ ਹਿਮਾਲਾ ਰਿਸ਼ੀ ਕੁਈ, ਦੇਵੇ ਸੰਖ ਵਜਾ।

ਜਾਂਦੇ ਤੱਤੀ ਤਵੀ ਤੇ, ਠੰਢੇ ਸਾਗਰ ਛਾ

ਤੁਰ ਪੂਰਬ ਤੇ ਸੰਤ ਕੁੱਲ, ਨੈਣ ਠਾਰਦੇ ਆ। 

ਤਦ ਹੇਮਕੁੰਟ ਨੂੰ ਜਾਣਦੇ, ਦੁਨੀਆ ਦੇ ਕਿਰਸਾਨ 

ਤਦ ਮਹਿਲਾਂ ਵਿਚ ਪਹੁੰਚਦੀ, ਬਰਫ਼ਾਂ ਦੀ ਮੁਸਕਾਨ।

ਤਦ ਖੰਡੇ ਵਿਚ ਘੂਕਦੀ, ਬੱਜਰ-ਚੀਰ ਘੁੰਘਾਰ, 

ਕੱਚੀ ਗੜ੍ਹੀ ਚੋਂ ਸੱਕਦੀ, ਸ਼ਾਹਾਂ ਨੂੰ ਵੰਗਾਰ।

ਨੇਕੀ ਬਦੀ ਦਾ ਹੋ ਰਿਹਾ, ਜਗਤ-ਤਮਾਸ਼ਾ ਜੋ, 

ਉਸ ਵਿਚ ਆਪਣੇ ਅਮਲ ਨੂੰ, ਦੇਂਦਾ ਸਮਾਂ ਸਮੋ। 

ਬੰਨ੍ਹੀ ਸਮੇਂ ਨੇ ਕੁਦਰਤਾਂ, ਹਸਤੀ ਅਮਰ ਸਦੀਵ, 

ਮਾਨਵ ਜਿਸ ਦੇ ਸੱਚ ਨੂੰ, ਜਾਣੇ ਹਸ਼ਰਾਂ ਤੀਕ।

ਕੁਦਰਤ ਲੰਮੇ ਰਾਜ ਵਿੱਚ, ਪਰਚਮ ਸਮੇਂ ਦਾ ਜਾਣ; 

ਜਿਸ ਦੇ ਤੇਜ ਨੂੰ ਦੱਸਦੇ, ਨਦੀਆਂ ਅਤੇ ਤੂਫ਼ਾਨ।

ਸੱਚ ਕੁੱਝ ਲੋਕੀਂ ਆਖਦੇ, ਕੁਦਰਤ ਨੂੰ ਦਰਬਾਰ 

ਜਿਸਦੇ ਅੰਦਰ ਸੋਭਦੀ, ਨੇਕੀ ਦੀ ਸਰਕਾਰ।” 

“ਸੱਚ ਪੰਖੀ ਪਿਆਰਿਆ, ਵਤਨਾਂ ਨੂੰ ਮੈਂ ਜਾ, 

ਵਿੱਥਿਆ ਸੱਚ ਦੀ ਜੁਗਤ ਵਿੱਚ, ਦੇਵਾਂਗਾ ਵਰਤਾ। 

ਹੁਣ ਤਾਂ ਜਿੰਦ 'ਤੇ ਢੋਂਵਦੀ, ਸਾਗਰ ਪੁਰੇ ਦੀ ਵਾ, 

ਕਿਸੇ ਯਾਰ ਦੀ ਮਹਿਕ ਅੱਜ, ਜ਼ਾਲਮ ਰਹੇ ਲੁਕਾ।

ਲੁਕ ਧ੍ਰੁਵਾਂ ਦੀ ਬਰਫ਼ ਵਿੱਚ, ਕੰਬੇ ਪਈ ਤਰੰਗ 

ਦੱਸੋ ਹੁਣ ਤਾਂ ਜਿੰਦ ਤੇ, ਟੂਣਾ ਕਰਦੇ ਰੰਗ। 

ਕੁਝ ਤਾਂ ਦੱਸੋ ਹੰਸ ਜੀ, ਨਸ਼ਿਆਂ-ਭੁੱਲੀ ਉਹ 

ਧ੍ਰੁਵ ਰੈਣਾਂ ਤੋਂ ਡੂੰਘੜੀ, ਲੁਕੇ ਨੀਰ ਦੀ ਸੋਅ

ਲੈ ਗਈ ਜਿੰਦ ਨੂੰ ਖਿੱਚਕੇ, ਧ੍ਰੁਵ ਤਾਰੇ ਤੇ ਜੋ।

ਹਾਇ ਤੂੰ ਜਿੰਦ ਨੂੰ ਮਾਰ ਨ, ਲੁਕ ਕੇ ਨ੍ਹੇਰ ਦੀ ਕੁੰਟ, 

ਪਾਣੀ ਸੰਗ ਰੋੜ੍ਹ ਤੂੰ, ਯੋਗੀ ਦਾ ਬੈਕੁੰਠ। 

ਅੰਤ-ਅਨੰਤ 'ਚ ਛਲਕਦੇ, ਤਿਲਕਣ ਬਣ ਸ਼ਮਸ਼ੀਰ, 

ਪੱਕੇ ਨੱਕੇ ਸਿਤਾਰਿਆਂ, ਦੇ ਰੋਕ ਨਾ ਸਕਣ ਨੀਰ।

ਪੁਰਾ ਉਡੰਦਾ ਜਾਂਵਦਾ, ਘੁੰਮਦੇ ਤਾਰੇ ਖਿੱਚ, 

ਹਰ ਚਾਨਣ ਦੀ ਠੰਢ ਨੂੰ, ਓਸ ਪੁਰੇ ਦੇ ਵਿੱਚ:

ਰਹੀ ਧ੍ਰੁਵਾਂ ਤੋਂ ਆਂਵਦੀ, ਲੈ ਰੈਣਾਂ ਦੇ ਰਾਜ਼, 

ਸਾਗਰ ਉੱਤੇ ਉਡਦਿਆਂ, ਹੰਸਾਂ ਦੀ ਆਵਾਜ਼। 

ਕੂਲਾਂ-ਨੀਂਦ ਲੈ ਪੁਰੇ ਵਿੱਚ, ਫਿਰਦੇ ਮਧੁਰ ਸ਼ਲੋਕ, 

ਛਾਵਾਂ ਚਾਂਦਨੀ ਵਾਲੀਆਂ, ਝੁਲਦੀ ਠੰਢੜੀ ਝੋਕ। 

ਜਿਹੜੀ ਸੋਹਣੀ ਅਸਾਂ ਤੇ, ਗਿਲੇ ਨੇ ਕਰਨੇ ਲੱਖ 

ਹਾਲ ਓਸ ਦਾ ਪੰਖੀਆ, ਸਾਨੂੰ ਤੇ ਕੁਝ ਦੱਸ।” 

ਪੰਖੀ ਬੋਲੇ : "ਮਿਲੇਗੀ, ਵਤਨਾ ਨੂੰ ਤੂੰ ਜਾ, 

ਉਹ ਤਾਂ ਹਰ ਇਕ ਨਦੀ ਦੇ, ਜਾਣੇ ਲੰਮੜੇ ਰਾਹ।”

(4)

ਤਾਰਾ-ਵਣ 'ਚੋ ਨਿਕਲੀਆਂ, ਲੰਮੀਆਂ ਪੌਣਾਂ ਗਾ 

ਪੱਤਿਆਂ ਕੋਲੋਂ ਪੁੱਛਦੀਆਂ, ਸੈ ਮੁਲਕਾਂ ਦੇ ਰਾਹ।

ਵਣ ਦੇ ਪੱਤੇ ਡੰਗਦੀ, ਪੰਛੀ ਦੀ ਆਵਾਜ਼, 

ਲੱਖ ਵਰ੍ਹੇ ਦੀ ਚੁੱਪ 'ਚੋਂ, ਜਿਉਂ ਕੁਈ ਨਿਕਲੇ ਰਾਜ਼। 

ਮਾਰੇ ਪਈ ਕਿਲਕਾਰੀਆਂ, ਮਿੱਟੀ ਸਕੇ ਉੱਡ 

ਸਾਡੇ ਪੰਖ ਸੋਹਣਿਆਂ, ਕੂਕਣ ਸੱਭੇ ਯੁਗ। 

ਤੂੰ ਮਹਿਕੰਦੇ ਚੰਬਿਆ, ਰਾਹਾਂ ਵਿੱਚ ਆ, 

ਮੈਨੂੰ ਵਤਨ ਦੀ ਨਦੀ ਤੇ, ਯਾਰ ਮਿਲਣ ਦੇ ਚਾਅ। 

ਨਦੀ ਵਤਨ ਦੀ ਚੜ੍ਹੀ ਹੈ, ਘਾਹ ਵਿੱਚ ਮਹਿਕ ਬਣੀ, 

ਚਾਨਣ ਵਿੱਚੋਂ ਨਿਕਲਕੇ, ਕੰਢੜੇ ਪਵੇ ਕਣੀ।

ਜੋਗੀ ਵਾਂਗੂੰ ਧਾਰ ਲਈ, ਜਿਵੇਂ ਅਨੰਤਾਂ ਚੁੱਪ, 

ਨਦੀ ਵਗੇਂਦੀ ਸਮੇਂ ਤੋਂ, ਬ੍ਰਿਛਾਂ ਦੇ ਵਿੱਚ ਲੁਕ

ਮੈਂ ਪਾਣੀ ਵਲ ਵੇਖਿਆ, ਪਾ ਜਿੰਦਾਂ ਤੇ ਸੰਞ, 

ਲਾਲੀ ਚਿੱਟੇ ਚਾਨਣੇ, ਛਿਪ ਛਿਪ ਜਾਵੇ ਕੰਬ।

ਜਿੰਦ-ਸੰਞ ਵਿੱਚ ਨਾ ਉੱਡੇ, ਦਰਮਾਂਦਾ ਬੇਚੈਨ, 

ਸੁੰਞ ਦਾ ਪੰਛੀ ਕਟਣ ਲਈ, ਉਦਰੇਵੇਂ ਦੀ ਰੈਣ।

ਕੁਲ ਚਾਨਣ ਨੂੰ ਨਜ਼ਰ ਭਰਿ, ਘੁੱਟ ਤਾਰਿਆਂ ਦੇ ਅੰਗ, 

ਮੈਂ ਇਸ ਸੁੱਤੀ ਨਦੀ ਤੋਂ, ਕੁੱਝ ਸਕਿਆ ਮੰਗ। 

ਸੰਤ ਪੌਣ ਜਿਉਂ ਗੁਜ਼ਰਦੇ, ਰੱਬ ਦਾ ਮੰਦਰ ਜਾਣ, 

ਭਰੀ ਜਲਾਂ ਦੇ ਨਾਲ ਜਿਉਂ, ਮਿੱਠੀ ਨਦਰ ਜਹਾਨ।

ਸਾਗਰ ਤਕ ਕੁਰਲਾਟ ਪਾ, ਕਣੀਆਂ ਕਣੀਆਂ ਚਾ, 

ਰੱਖੇ ਜਿਵੇਂ ਪਪੀਹਾਂ, ਜਲ ਦੇ ਕੁੰਡ ਲੁਕਾ।

ਰੱਖੇ ਠੰਢਾ ਦੇਸ਼ ਇਹ, ਨੈਣ ਜਿਵੇਂ ਵੀ ਮੁੰਦ 

ਦੂਰ ਦੇ ਰਣ ਚੋਂ ਆਣ ਪਰ, ਸੁਣੇ ਢੋਲ ਦੀ ਰੁੰਗ।

“ਸੁਤੀਏ ਨਦੀਏ ਵੇਖ ਲੈ, ਫੁੱਲਾਂ ਦਿੱਤੀਏਂ ਲੱਦ 

ਕੀਤੀ ਗੀਤਾਂ ਛਾਨਣੀ, ਹਰੀ ਤੇਰੀ ਸਰਹੱਦ।” :

ਹੇਕ ਲਾਈ ਅਲਬੇਲੜੇ, ਉਹ ਬਿਰਖਾਂ ਤੋਂ ਪਾਰ ਹੱ

ਥਾਂ ਅੰਦਰ ਛਲਕਦੇ, ਤੋੜੇ ਜਾਮ ਹਜ਼ਾਰ।

ਰਾਜ ਸੁੰਞ ਵਿੱਚ ਚਾਨਣੇ, ਜਿਉਂ ਖੂਹਾਂ ਦੇ ਨੀਰ 

ਲੰਘਿਆ ਮੋਰ ਦੀ ਵਾਜ ਦਾ, ਕੰਦਰਾਵਾਂ ਚੋਂ ਤੀਰ।

***

ਮੇਰੀ ਜਿੰਦ ਤੇ ਪਿਆ ਕੁੱਝ, ਚਾਨਣ ਦਾ ਜ਼ੋਰ, 

ਮਾਰੀ ਕੁੱਲ ਸਿਤਾਰਿਆਂ, ਰਲ ਮਿਲ ਕੇ ਚਿਲਕੋਰ। 

ਮੈਂ ਪਿੰਡਾਂ ਦੀ ਜੂਹ ਨੂੰ, ਰਾਹੀ ਮਿਲਿਆ ਹੋ, 

ਜਿਸ ਦੇ ਮੱਥੇ ਵਣਾਂ ਨੇ, ਗੱਲ ਲਿਖੀ ਸੀ ਕੋਅ। 

ਬੁੱਤ ਕੰਧਾਂ ਦੇ ਨਿਸਰਦੇ, ਕੀ ਚਾਨਣ ਦੇ ਰੰਗ।

ਪਾ ਪਾ ਪਿੰਡ ਚੋਂ ਲੰਘਿਆ, ਫਿੱਕੇ ਚੋਲੇ ਚੰਦ। 

ਪੌਣ ਕਿਨਾਰੇ ਗਗਨ ਵਿੱਚ, ਖਿੜਿਆ ਤਾਰਾ ਡੁੱਬ, 

ਕਾਮਧੇਨ ਦੇ ਕੁੰਡ ਚੋਂ, ਭਰੇ ਕਮਲ ਵਿਚ ਦੁੱਧ।

ਅੱਜ ਪੁਲੀਆਂ ਤੇ ਮਿਲਣਗੇ, ਕਿਧਰੋਂ ਸਾਜਨ ਦੋ 

ਧੋਂਦੇ ਨਦੀ ਤੇ ਰਾਤ ਨੂੰ, ਤਾਰੇ ਰੋ ਰੋ ਲੋਅ।

ਪਹੁ ਫੁਟੀ ਮੈਂ ਜਾਣਿਆਂ, ਦਰਦ ਕਰੇਂਦਾ ਕੌਣ

ਛੱਡਣ ਆਈ ਦੂਰ ਤਕ, ਵਣਾਂ ਦੇ ਵਿੱਚੋਂ ਪੌਣ। 

ਲਾਈ ਸਮਾਧੀ ਨਦੀ ਨੇ, ਉਸ ਪੱਥਰ ਨੂੰ ਧੋ 

ਅਨੰਤ ਧ੍ਰੁਵਾਂ ਤੋਂ ਫੁੱਟਿਆ, ਕੰਵਲ ਚਾਨਣਾ ਹੋ। 

ਉਜਲੇ ਨੈਣਾਂ ਵੇਖਿਆ, ਕਿਵੇਂ ਸਵੇਰਾਂ ਲੰਘ 

ਧਾਹ ਕੇ ਜਿੰਦ ਨੂੰ ਚੰਬੜੇ, ਪੰਧ ਨਦੀਆਂ ਦੇ ਸੰਗ।

ਉਸਦੇ ਚਿੱਟੇ ਚਰਨ ਤੇ, ਸਭ ਤਾਰਿਆਂ ਤੇ ਛਾ 

ਝੁਲ ਝੁਲ ਝਾਂਝੇ ਊਂਘਦੇ, ਰੈਣ-ਵਣ ਕੰਪਾ।

ਕਰ-ਕਮਲ ਜੀ ਕੰਬ ਗਏ, ਉਹ ਸ਼ਰਮਾਈ ਰੋ, 

ਆਵੇ ਉਸਦੇ ਹੁਸਨ ਚੋਂ, ਜਨਮ ਜਨਮ ਦੀ ਸੋ।

ਉਹ ਚਾਨਣ ਤੇ ਡਿੱਗੀਆਂ, ਨਜ਼ਰਾਂ ਮੀਂਹ ਜਿਉਂ ਪੁੰਨ, 

ਜਿਥੇ ਉੱਠ ਪਤਾਲ ਚੋਂ, ਵਾਜਾਂ ਹੋਈਆਂ ਗੁੰਮ।

ਹੱਥ ਉਹਦੇ ਕੁਈ ਸ਼ੈ।

ਪਥਰੀਂ ਸੁੱਤੇ ਜਲਾਂ ਦੀ, ਸੁਰਗ ਪੁਰੀ ਵਿੱਚ ਰਹਿ

ਜਲ-ਰੈਣਾਂ ਤੋਂ ਕੂੰਜ ਉਸ, ਪੰਕਜ ਲਏ ਸੀ ਲੈ। 

ਜਿੱਥੇ ਰਾਤਾਂ ਕਾਲੀਆਂ ਬਹਿਣ ਸੋਹਣੀਆਂ ਹੋ

ਜਿੱਥੇ ਸੂਰਜ ਚੜ੍ਹੇ ਨਾ, ਬਿਨ ਤਾਰਿਆਂ ਦੀ ਲੋਅ;

ਜਿੱਥੇ ਉਸ ਦੇ ਦੇਸ਼ ਚੋਂ, ਲੁਕਦੀ ਆਏ ਸਮੀਰ, 

ਖੂਹਾਂ ਦੀਆਂ ਸੈ ਮੰਜ਼ਲਾਂ, ਲੰਘ ਕੇ ਆਵੇ ਨੀਰ।

ਓਸ ਨੀਰ ਸੰਗ ਬੱਝਿਆ ਇਕ ਸਰਵਰ ਦਾ ਮੁੱਢ 

ਕਥਾ ਨੀਰ ਦੀ ਚਲੀ ਹੈ, ਨਵੀਂ ਨਵੀਂ ਹਰ ਯੁੱਗ, :

“ਗਈਆਂ ਤ੍ਰੇਲਾਂ ਭਰਮਕੇ, ਵਿਚ ਪਹਾੜਾਂ ਡੁੱਬ 

ਪੱਥਰ ਸਰਾਪੇ ਸੱਖਣੇ, ਠੰਢੇ ਹੋਏ ਯੁਗ।”

ਬੰਸ ਤਾਰਿਆਂ ਦੇ ਯੁਗ-ਰੈਣੀ, ਸਿਖਰ ਪਹਾੜਾਂ ਕੰਬ 

ਚੜੇ ਛਿਪੇ ਇਸ ਤਾਲ ਤੇ, ਲਾ ਨਸ਼ਿਆਂ ਨੂੰ ਅੰਗ। 

ਜਿਸ ਜਲ ਰਾਤਾਂ ਡੂੰਘੀਆਂ, ਜਿਸ ਜਲ ਡੂੰਘੇ ਰਾਜ਼ 

ਉਸ ਜਲ ਵਿੱਚੋਂ ਸਮੇਂ ਨੇ, ਮਾਰੀ ਉਹਨੂੰ ਆਵਾਜ਼।

ਮੇਰੀ ਜਿੰਦ ਦੇ ਸਾਗਰੀਂ, ਦੀਵੇ ਹੋ ਗਏ ਗੁੱਲ 

ਨ੍ਹੇਰ ਪਿਆ, ਤੇ ਥਾਂ ਥਾਂ, ਦਰਦ ਗਏ ਸੀ ਰੁਲ।

ਅੱਥਰੇ ਬੋਲ ਜੁਆਨੀਆਂ, ਗਏ ਜ਼ੁਲਫ਼ਾਂ ਜਿਉਂ ਖੁੱਲ੍ਹ, 

ਅਦਬ ਮੈਂ ਕੀਤੇ ਦੁਨੀ ਵਿੱਚ, ਜੋਬਨ ਦੇ ਘਰ ਭੁੱਲ।

ਸਰਕੰਢਿਆਂ ਤੇ ਦੂਰ ਤੋਂ, ਨ੍ਹੇਰੀ ਵਾਂਗ ਤਰੰਗ, 

ਵੱਜਦੀ ਪੱਥਰ ਤੋੜ ਕੇ, ਮਰ ਕੁਰਲਾਉਂਦੇ ਡੰਗ।

ਰੋ ਕੇ ਵਾਜਾਂ ਮਾਰਦੇ, ਤਾਰੇ ਯੁਗਾਂ ਤੋਂ ਤੰਗ, 

ਹੰਝ ਦੇ ਚਾਨਣ ਕਸਕਦੇ, ਦਮਕਣ ਉਸ ਦੇ ਅੰਗ।

ਮਿੱਠ-ਭਰਮੀ ਪਈ ਭਰਮਦੀ, ਅੰਤ ਨਾ ਜਾਣੇ ਉਹ। 

ਕੀ ਵਸ ? ਹਰ ਇਕ ਰਾਹ ਤੇ, ਤ੍ਰਬਕ ਰਹੀ ਸੀ ਲੋਅ। 

ਮੈਂ ਤਰਲਾ ਕਰ ਆਖਿਆ: “ਤੁਸੀਂ ਕੌਣ ਗਏ

ਮੈਨੂੰ ਆਪਣਾ ਆਖ ਕੇ, ਜ਼ਰਾ ਜਾਵੋ ਸ਼ਰਮਾ।"

ਉਸ ਨੇ ਨਦੀ 'ਚ ਵੇਖ ਕੇ, ਪੁਛ ਲਏ ਉਸ ਦੇ ਪੰਧ 

ਉਹ ਬੋਲੀ ਤਾਂ ਹੋ ਗਏ, ਚੇਤਨ ਚੇਤਨ ਅੰਗ-

“ਮੁਦਤਾਂ ਹੋਈਆਂ ਚੰਦਰਮਾ, ਮੈਨੂੰ ਲਿਆ ਲੁਕਾ 

ਜਿਉਂ ਜਿਉਂ ਸੂਰਜ ਚੜ੍ਹੇ ਜੀ, ਮੈਂ ਜਾਵਾਂ ਲਜਿਆ।" 

ਅੰਬਰਾਂ ਦੇ ਵਿੱਚ ਫੈਲੀਆਂ, ਬਰਫ਼ਾਂ ਬਣ ਕੇ ਰੁੱਤ, 

ਚਿੱਟੀ ਘੁੱਘੀ ਪੌਣ ਰਹੀ, ਬਿਹਬਲ ਬਿਹਬਲ ਘੁੱਟ। 

ਹੰਸਾਂ ਵਰਗੀ ਦੇਹ ਲੈ, ਬਹਿਣਾ ਨਦੀਆਂ ਕੋਲ 

ਪਾਣੀ ਸਾਹਮੇਂ ਓਸਨੇ, ਜ਼ੁਲਫ਼ਾਂ ਦਿੱਤੀਆਂ ਖੋਲ੍ਹ।

ਮੈਂ ਉਸ ਦੇ ਹਰ ਅੰਗ ਤੇ, ਵਾਰਨ ਲਈ ਜਿੰਦ ਕੁੱਲ, 

ਹਮਰਾਹੀ ਇਕ ਉਮਰ ਦੇ, ਮੰਜ਼ਲਾਂ ਤੇ ਗਿਆ ਭੁੱਲ। 

“ਕਿਹੜੇ ਮੁਲਕੋਂ ਆਈ ਹੈਂ, ਕੂੰਜ ਜਹੀ ਨੀ ਤੂੰ

ਸਦਾ ਤੋਂ ਕੱਲੀ ਹੋਣ ਦਾ, ਉਦਰੇਵਾਂ ਧਰਤੀ ਨੂੰ। 

ਤੂੰ ਆਈ ਜਦ ਘਾਟ ਤੇ, ਚੜਿਆ ਸਫ਼ਰ ਦਾ ਯੁਗ 

ਨੱਸੀ ਵਿੱਚ ਪਗ-ਡੰਡੀਆਂ, ਕਮਲੀ ਰਮਲੀ ਬੁੱਧ।

ਸੁੰਞੇ ਰਾਹ ਵਣਾਂ ਦੇ ਲੱਖਾਂ, ਤੈਂਡੇ ਪਗਾਂ ਨੂੰ ਚੁੰਮ੍ਹ,

ਟੂਣਾ ਕਰਕੇ ਪੌਣ ਤੇ, ਕਿਧਰੇ ਹੋ ਗਏ ਗੁੰਮ।

ਤੈਂਡੇ ਦਰ ਤੇ ਸੁੱਤੀਆਂ, ਰੁੱਤਾਂ ਵਿਚ ਉਡੀਕ, 

ਸੰਝਾਂ ਪਾ ਪਾ ਜਾਣਗੇ, ਪੰਛੀ ਹੰਝੂਆਂ ਤੀਕ।

ਪਰ ਇਹ ਵੀ ਤੂੰ ਜਾਣਦੀ, ਹੁਸਨ ਜਾਂ ਆਉਂਦੇ ਉੱਠ, 

ਭਰੇ ਵੇਦਨਾ ਜਿੰਦੜੀ, ਹੌਕਾ ਜਾਂਦਾ ਟੁੱਟ

ਖੰਭ ਜਿੰਦ ਦੇ ਫੜਕਦੇ, ਰੋਹੀਆਂ ਹੇਠ ਉਦਾਸ, 

ਜਲਾਂ ਥਲਾਂ ਵਲ ਵੇਖਦੀ, ਵਿਲਕ ਮੰਗੇ ਧਰਵਾਸ। 

ਉਸ ਵਣ ਨੂੰ ਵੀ ਜਾਣਕੇ, ਵੇਦਨ ਜਾਂਦੀ ਹੰਭ, 

ਜਿਸ ਵਣ ਵਾਜਾਂ ਮਾਰਦੇ, ਕੋਇਲਾਂ ਵਾਂਗੂੰ ਰੰਗ। 

ਲੁਕ ਕੇ ਗਾਈ ਵੇਦਨਾ, ਅੱਧੀ ਰਾਤ ਦੀ ਹਿੱਕ,

ਮੈਂ ਜੋਗੀ ਨੇ ਜਾਣ ਲਈ, ਵਣਾਂ ਵਣਾਂ ਦੀ ਸਿੱਕ।

ਸੋਚਾਂ ਸੋਨ-ਸਵੇਰ ਨੂੰ, ਕੀ ਮੈਂ ਪਾਇਆ ਵਣ, 

ਦਇਆ ਕਰੋ ਜੀ ਦਰਾਂ ਤੇ, ਮਰ ਵਰਸਣਗੇ ਘਣ। 

ਭੈਅ ਦੇ ਸਾਗਰ ਡੂੰਘੜੇ, ਕਿਤੇ ਨ੍ਹੇਰ ਵਿੱਚ ਵਾਸ, 

ਆਈ ਮਹਾਂ ਭੁਚਾਲ ਚੋਂ, ਹੋ ਇਕ ਪੌਣ ਉਦਾਸ। 

ਪਰਬਤ ਜਹੀਆਂ ਬਰਕਤਾਂ, ਹੇ ਮੇਘਾਂ ਜਿਹੇ ਹੱਥ, 

ਜੇ ਥੋਡੇ ਅਸਮਾਨ ਵਿਚ, ਝੋਲ ਜਾਣ ਦਿਉ ਵੱਸ।”

(5)

ਕੰਧੀ ਹੁਸਨ ਦੀ ਚਾਨਣੇ, ਗਏ ਮੇਘ ਜਿਉਂ ਘੁੱਲ, 

ਕੰਬੇ ਪੱਤਰ ਵਣਾਂ ਦੇ, ਮਹਿਕਾਂ ਜਾਵਣ ਰੁੱਲ।

ਪਿਆਰ-ਬਿਜਲੀਆਂ ਉਡਦੀਆਂ, ਜਿਉਂ ਗਈਆਂ ਸ਼ਰਮਾ,

ਜਿੰਦ ਨੂੰ ਆਕੇ ਵੀਣੀਆਂ, ਬੇਬਸ ਦੇਣ ਫੜਾ।

ਜਾਣ ਲਹਿਰਾਂ ਮਰਦੀਆਂ, ਭੈੜੇ ਯਾਰ ਦੀ ਛੋਹ 

ਚਾਰ ਚੁਫ਼ੇਰੇ ਨਦੀ ਵਿੱਚ, ਜਾਣ ਜਲੂਣਾਂ ਹੋ।

‘ਆਉਣਾ ਤੇਰੇ ਵਣਾਂ ਨੂੰ, ਜਾਣਾ ਵਣਾਂ ਚੋਂ ਹੀ 

ਕੂੰਜਾਂ ਕੋਲੋਂ ਗਗਨ ਦੇ, ਰਾਹ ਪੁਛਿਓ ਜੀ।'

  

📝 ਸੋਧ ਲਈ ਭੇਜੋ