ਸਿਰਾਂ ਤੇ ਭਾਰ ਬਥੇਰੇ ਢੋਏ
ਰੂਹਾਂ ਤੇ ਢੋਇਆ ਨਹੀਂ ਜਾਂਦੈ।
ਬਿਸਤਰ ਬੜੇ ਮਖਮਲੀ ਬੇਸ਼ੱਕ
ਪੀੜਾਂ ਲੈ ਸੋਇਆ ਨਹੀਂ ਜਾਂਦੈ।
ਉਪਦੇਸ਼ ਨਸੀਹਤਾਂ ਸੁਣੀਆਂ ਐਪਰ
ਸੌਖੇ ਮੋਤੀ ਪਰੋਇਆ ਨਹੀਂ ਜਾਂਦੈ।
ਕੁਫ਼ਰ ਦਿਲਾਂ ਵਿੱਚ ਮੂੰਹੋਂ ਮਿੱਠੇ
ਪੱਥਰਾਂ ਤੋਂ ਰੋਇਆ ਨਹੀਂ ਜਾਂਦੈ।
ਕੰਧਾਂ ਨਹੀਂ ਸਨ ਤਾਂ ਹਾਸੇ ਸਨ
ਵੰਡਾਂ ਦਾ ਗੰਦ ਧੋਇਆ ਨਹੀਂ ਜਾਂਦੈ।
ਲੁੱਟ ਖਸੁੱਟ ਕਰ ਦੌਲਤ ਮਿਲ ਗਈ
ਵੇਚ ਜ਼ਮੀਰਾਂ ਸੋਹਿਆ ਨਹੀਂ ਜਾਂਦੈ।
ਕਰਮ ਮਾੜੇ ਕਰ ਮੰਗੇ ਮੁਕਤੀ
ਇੰਝ ਸੁਰਖ਼ਰੂ ਹੋਇਆ ਨਹੀਂ ਜਾਂਦੈ।
ਖ਼ੁਦ ਮਰ ਕੇ ਜੀਵੀਦਾ ‘ਉੱਪਲ’
ਖੋਹ ਕੇ ਕੁਝ ਖੋਹਿਆ ਨਹੀਂ ਜਾਂਦੈ।