ਰੋੜੇ   ਮਾਰਨ   ਮੂਰਖ   ਲੋਕੀ

ਰੋੜੇ   ਮਾਰਨ   ਮੂਰਖ   ਲੋਕੀ ਸੂਲੀ  ਉੱਤੇ  ਟੰਗੇ ਨੂੰ,

ਪੱਥਰਾਂ ਉੱਤੇ ਚਾਦਰ ਹੁੰਦੀ, ਨਹੀ ਕੱਪੜਾ ਮਿਲਦਾ ਨੰਗੇ ਨੂੰ,

ਸੰਘਰਸ਼ ਬੜਾ ਜਰੂਰੀ ਹੁੰਦਾ ਦੇਸ਼, ਕੌਂਮ ਤੇ ਜ਼ਿੰਦਗੀ ਲਈ

ਹੱਕ ਕਦੇ ਨਹੀਂ ਮਿਲਦੇ ਮਿੱਤਰ, ਲੋਟੇ ਦੇ ਵਿਚ ਮੰਗੇ ਨੂੰ,

ਡਰ ਜਾਂਦੇ ਜੋ ਹੋਰ ਹੋਣੇ ਨੇ,    ਮੇਰੇ ਤੇ ਗੱਲ ਲਾਗੂ ਨਹੀਂ

ਮੇਰੇ ਗਲ ਨੂੰ ਆਉਣਗੇ ਜੇਕਰ, ਮੈਂ ਵੀ ਆਉਗਾ ਸੰਘੇ ਨੂੰ,

ਮੇਰੀ ਵਾਇਲਿਨ ਰਬਾਬ ਜਹੀ ਹੈ, ਨਾਨਕ ਦੇ ਸੰਗ ਗੂੰਜ ਰਹੀ

ਤੇਰੇ ਹੋਣ ਦਾ ਚਾਅ ਹੈ ਚੜ੍ਹਿਆ, ਪਾਗਲ ਸ਼ਾਇਰ ਮਲੰਗੇ ਨੂੰ,

ਰੂਹਾਨੀਅਤ ਦਾ ਮੈਂ ਰਾਹ ਨਾ ਜਾਣਾ, ਅੱਲ੍ਹਾ, ਰਾਮ ਕੀ ਹੁੰਦੇ ਨੇ

ਚੰਗੀ ਤਰ੍ਹਾਂ ਸਮਝ ਹਾਂ ਜਾਂਦਾ, ਹੋਏ ਰੱਬ ਦੇ ਨਾਂ ਤੇ ਦੰਗੇ ਨੂੰ,

ਕਲਮ ਦੀ ਤਾਕਤ ਕੀ ਹੁੰਦੀ ਹੈ, ਇਤਿਹਾਸ ਵੇਖੀ ਤੂੰ ਫੋਲ ਕੇ

ਇੱਕੋ   ਚਿੱਠੀ  ਕਾਫ਼ੀ  ਹੁੰਦੀ,   ਮਾਰਨ ਲਈ ਔਰੰਗੇ ਨੂੰ

📝 ਸੋਧ ਲਈ ਭੇਜੋ