ਰੋਸ਼ਨੀ ਦੀ ਲਾਟ ਕਿੱਧਰੋਂ ਆ ਰਹੀ ਹੈ
ਜੁਗਨੂੰਆਂ ਦੀ ਡਾਰ ’ਨੇਰੇ ਖਾ ਰਹੀ ਹੈ।
ਟੁਰ ਪਿਆਂ ਬੇਖ਼ੌਫ ਬਿਖੜੇ ਪੈਂਡਿਆਂ ਤੇ
ਰਹਿਮਤਾਂ ਦੀ ਲੋਅ ਰਾਹ ਦਿਖਲਾ ਰਹੀ ਹੈ।
ਕੀ ਸਿਕੰਦਰ ਲੈ ਗਿਆ ਸੀ ਇਸ ਜਹਾਂ ਤੋਂ?
ਜੀਣ ਦੀ ਪਰ ਜਾਚ ਉਸ ਤੋਂ ਆ ਰਹੀ ਹੈ।
ਨਾ ਨਿਭਾ ਸਕਿਆ ਮੁਹੱਬਤ ਮੈਂ ਕਦੇ ਵੀ
ਪਰ ਵਫ਼ਾ ਦੀ ਮਹਿਕ ਮੈਥੋਂ ਆ ਰਹੀ ਹੈ।
ਸੂਰਤਾਂ ਸੰਵਾਰ ਭੋਗੀ ਜ਼ਿੰਦਗੀ ਪਰ
ਸੀਰਤਾਂ ਚੋਂ ਅੱਜ ਵੀ ਬਦਬੂ ਆ ਰਹੀ ਹੈ।
ਕੀ ਤੂੰ ਸਿੱਖਿਆ ਮੰਦਿਰਾਂ ਤੇ ਮਸਜਿਦਾਂ ’ਚੋਂ?
ਨਫ਼ਰਤਾਂ ਦੀ ਬੂ ਤਾਂ ਤੈਥੋਂ ਆ ਰਹੀ ਹੈ।
ਡੋਬਿਆ ਹੈ ਬਸਤੀਆਂ ਨੂੰ ਪਾਣੀਆਂ ਨੇ
ਜ਼ਿੰਦਗੀ ਹੀ ਜ਼ਿੰਦਗੀ ਨੂੰ ਖਾ ਰਹੀ ਹੈ।
ਉਡ ਗਈ ਇਨਸਾਨੀਅਤ ਦੀ ਰੂਹ ਵੇਖੋ
ਵਾਸ਼ਨਾ ਹੀ ਰਿਸ਼ਤਿਆਂ ਨੂੰ ਖਾ ਰਹੀ ਹੈ।
ਮੁਸਕਰਾਉਂਦੇ ਵੇਖ ‘ਉੱਪਲ’ ਫੁੱਲ ਬਾਗੀਂ
ਦਿਲਬਰਾ ਫਿਰ ਯਾਦ ਤੇਰੀ ਆ ਰਹੀ ਹੈ।