ਜ਼ਿੱਲਤ, ਵਿਹਲ, ਅਵਾਰਾਗਰਦੀ, 

ਸ਼ੂਮ ਦਰਾਂ ਦੀ ਕੁੱਤੇ-ਭਟਕਣ ਕਰਦੇ ਫਿਰਨਾ 

ਪਲ ਪਲ ਬੀਤੇ ਤੁਹਮਤ ਜੇਹਾ,

ਯਾਰਾਂ ਦੀ ਹਮਦਰਦੀ ਵੀ ਫਿਟਕਾਰਾਂ ਵਰਗੀ। 

ਦੱਮਾਂ ਬਾਝੋਂ ਵਿਰਥਾ ਜਾਂਦਾ ਦਮ ਲਾਅਨਤ ਹੈ।

ਰੋਜ਼ ਸਵੇਰੇ ਲੋੜ ਦਾ ਪੰਨਾ 

ਨਿਤ ਨੇਮੀ ਦੇ ਵਾਂਗੂੰ ਪੜ੍ਹਨਾ। 

ਆਪਣੇ ਆਪ ਤੇ ਸ਼ੰਕਾ ਹੁੰਦੀ 

ਦਿਲ ਢਹਿੰਦਾ ਤੇ ਰੂਹ ਨਿੱਘਰਦੀ 

ਉਹਲੇ ਬਹਿ ਟੁਣਕਾਇਆ ਸਾਨੂੰ 

ਅਪਣਾ ਸਿੱਕਾ ਖੋਟਾ ਜਾਪੇ।

ਕਾਰ ਕਸੂਤੀ ਆਹਰ ਬਣੀ ਹੈ 

ਮਨ-ਮਰਜ਼ੀ-ਹਰਨੋਟਾ ਚੁੰਗੀ ਭੁਲਦਾ ਜਾਵੇ, 

ਗਲ ਵਿਚ ਸੰਗਲੀ,

ਤੇ ਕੰਡਿਆਲੀ ਤਾਰ ਤਣੀ ਹੈ

ਘਾ ਖਾਵਣ ਨੂੰ ਮਿਲ ਜਾਂਦਾ ਹੈ।

ਐਪਰ ਦਿਲ ਨੂੰ ਛਿੱਕੇ ਟੰਗਿਆ

ਅਪਣੀ ਪੱਤ ਪਰਾਈ ਮੱਤ ਦੀ ਬਾਂਦੀ ਕੀਤੀ।

ਢਿਡ ਦੀ ਗਰਜ਼ ਦੇ ਮੂਹਰੇ ਸਾਥੋਂ

ਦਿਲ ਦੀ ਅਰਜ਼ ਨਾ ਮੰਨੀ ਜਾਂਦੀ।

ਆਗਿਆਕਾਰ ਬੜੇ ਹਾਂ ਯਾਰੋ, 

ਜਿੰਦੜੀ ਦੇ ਅਹਿਸਾਸ ਅਸਾਂ ਨੇ 

ਘੜੀ ਦੀਆਂ ਸੂਈਆਂ ਦੀ ਹਰਕਤ 

ਦੇ ਵਿਚ ਨੂੜ ਕੇ ਬੰਨ੍ਹ ਦਿੱਤੇ ਹਨ।

📝 ਸੋਧ ਲਈ ਭੇਜੋ