ਰੁੱਖ ਨੂੰ ਜਦ ਅੱਗ ਲੱਗੀ
ਕੁਲ ਪਰਿੰਦੇ ਉੜ ਗਏ, ਉੜਨਾ ਹੀ ਸੀ
ਇਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ
ਉਸ ਦੇ ਮਨ ਵਿਚ ਸੋਚ ਆਈ
ਰੁੱਖ ਕੀ ਸੋਚੂ ਵਿਚਾਰਾ
ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ
ਹੋਵਣ ਹਜ਼ਾਰਾਂ ਅੱਖੀਆਂ
ਉਡਦਿਆਂ ਪੰਖੇਰੂਆਂ ਨੂੰ ਤੱਕਦੀਆਂ
ਕੋਲ਼ ਇਕ ਤਾਲਾਬ ਸੀ
ਉਸ ਦੇ ਜਲ ’ਚੋਂ ਭਰ ਕੇ ਚੁੰਝਾਂ ਉਹ ਚਿੜੀ
ਬਲ਼ ਰਹੇ ਰੁੱਖ ਉੱਤੇ ਤ੍ਰੌਂਕਣ ਲੱਗ ਪਈ
ਕੋਲ਼ੋਂ ਦੀ ਕੋਈ ਮੁਸਾਫ਼ਿਰ ਲੰਘਿਆ
ਦੇਖ ਕੇ ਦ੍ਰਿਸ਼ ਡਰ ਗਿਆ
ਸੜ ਹੀ ਨਾ ਜਾਏ ਕਿਤੇ ਝੱਲੀ ਚਿੜੀ
ਕਹਿਣ ਲੱਗਾ
ਭੋਲ਼ੀਏ ਚਿੜੀਏ ਤੂੰ ਸੋਚ
ਤੇਰੀਆਂ ਚੁੰਝ-ਚੂਲ਼ੀਆਂ ਦੇ ਨਾਲ਼ ਕੀ
ਅੱਗ ਬਲ਼ਦੇ ਬਿਰਖ ਦੀ ਬੁਝ ਜਾਏਗੀ?
ਜਾਣਦੀ ਹਾਂ ਐ ਮੁਸਾਫ਼ਿਰ
ਕਹਿਣ ਲੱਗੀ ਉਹ ਚਿੜੀ
ਮੇਰੀਆਂ ਚੁੰਝ-ਚੂਲ਼ੀਆਂ ਦੇ ਨਾਲ਼ ਤਾਂ
ਅੱਗ ਬਲ਼ਦੇ ਬਿਰਖ ਦੀ ਬੁਝਣੀ ਨਹੀਂ
ਫੇਰ ਵੀ ਪਰ ਸੋਚਦੀ ਹਾਂ
ਜਦੋਂ ਜੰਗਲ਼ ਦਾ ਕਦੀ ਇਤਿਹਾਸ ਲਿਖਿਆ ਜਾਏਗਾ
ਨਾਮ ਮੇਰਾ ਅੱਗ ਬੁਝਾਵਣ ਵਾਲ਼ਿਆਂ ਵਿਚ ਆਏਗਾ
ਤੇ ਇਨ੍ਹਾਂ ਰੁੱਖਾਂ ਦੇ ਵਾਰਿਸ ਕਹਿਣਗੇ:
ਸਾਨੂੰ ਜਦ ਲੱਗਦੀ ਹੈ ਅੱਗ
ਸਭ ਪਰਿੰਦੇ ਤ੍ਰਭਕ ਕੇ ਉੜਦੇ ਹੀ ਨੇ
ਪਰ ਕਈ ਮੁੜਦੇ ਵੀ ਨੇ
ਗੱਲ ਸੁਣ ਕੇ ਚਿੜੀ ਦੀ
ਰਾਹਗੀਰ ਵੀ
ਲੱਗ ਪਿਆ ਉਸ ਰੁੱਖ ਉੱਤੇ ਪਾਣੀ ਝੱਟਣ
ਹੋਰ ਤੇ ਇਕ ਹੋਰ ਤੇ ਇਕ ਹੋਰ ਰਾਹੀ ਆ ਗਿਆ
ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ
ਚੁੰਝਾਂ ਦੇ ਵਿਚ ਨੀਰ ਭਰ ਕੇ
ਆਖਦੇ ਨੇ
ਬੁਝ ਗਈ ਸੀ ਅੱਗ ਬਲ਼ਦੇ ਬਿਰਖ ਦੀ
ਤੇ ਕਿਸੇ ਅਗਲੀ ਬਹਾਰ
ਰੁੱਖ ਦੇ ਝੁਲ਼ਸੇ ਤਨੇ ’ਚੋਂ
ਫੁੱਟ ਆਏ ਸੀ ਹਰੇ ਪੱਤੇ ਮਹੀਨ
ਜਿਸ ਤਰਾਂ ਕਿ ਹਰੇ ਅੱਖਰ ਹੋਣ ਕਾਲ਼ੇ ਸਫ਼ੇ ’ਤੇ
ਰੁੱਖ ਉਹ ਇਕ ਆਸ ਤੇ ਧਰਵਾਸ ਦੀ
ਸ਼ੁਕਰਾਨੇ ਤੇ ਵਿਸ਼ਵਾਸ ਦੀ
ਨਜ਼ਮ ਵਰਗਾ ਹੋ ਗਿਆ ਸੀ।
ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ
ਤੇ ਕਿਹਾ ਸੀ:
ਇਹ ਕਦੀ ਨਾ ਸਮਝੀਂ ਕਿ ਲਿੱਸਾ ਹੈਂ ਤੂੰ
ਇਹ ਕਦੀ ਨਾ ਸੋਚੀਂ ਕਿ ਕੱਲਾ ਹੈਂ ਤੂੰ
ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ
ਪਰ ਮੁੜ ਪਵੀਂ
ਚੁੰਝ ਦੇ ਵਿਚ ਨੀਰ ਭਰ ਕੇ
ਉਸ ਚਿੜੀ ਨੂੰ ਯਾਦ ਕਰ ਕੇ।