ਰੁਕਿਓ ਜ਼ਰਾ
ਸੋਚ ਲਵਾਂ
ਬਲਾਤਕਾਰ ਤੇ ਕਵਿਤਾ ਲਿਖਣੀ ਹੈ
ਜਾਂ ਮਾਸੂਮ ਬੱਚੀ ਦੇ ਹੱਥ ਵਿੱਚ
ਹਥਿਆਰ ਦੇਣਾ ਹੈ
ਜੋ ਹੋ ਰਿਹਾ ਹੈ
ਦੂਰ ਦੁਰਾਡੇ
ਉਸ ਤੇ ਸ਼ਰਮਸਾਰ ਹੋਣਾ ਹੈ
ਨਿੰਦਾ ਕਰਨੀ ਹੈ
ਗ਼ਾਲਾਂ ਕੱਢਣੀਆਂ ਨੇ
ਕਿਸੇ ਦਾ ਧਰਮ ਪੁਨਣਾ ਹੈ
ਧਰਮ ਅਸਥਾਨ ਨੂੰ
ਬੁਰਾ ਭਲਾ ਕਹਿਣਾ ਹੈ
ਤੇ ਇਹ ਸਭ ਕੁਝ ਕਰਦਿਆਂ
ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖਣੀ ਹੈ
ਆਪਣੀ ਸੁਰੱਖਿਅਤਾ
ਵੈਣ ਪਾਉਣੇ ਨੇ
ਦੁਹਥੱੜੀਂ ਪਿੱਟਣਾ ਹੈ
ਬਾਜ਼ ਅੱਖ
ਆਪਣੇ ਭੱਜਣ ਦੇ ਰਾਹ ਤੇ ਟਿਕਾਈ ਰੱਖਣੀ
ਜੋ ਦਿੱਸਦਾ ਉਸੇ ਨੂੰ ਸੱਚ ਸਮਝਣਾ
ਪਿੱਛੇ ਲੁਕੀ ਗਹਿਰੀ ਸਾਜਿਸ਼ ਨੂੰ
ਅਣਗੌਲੇ ਹੀ ਰਹਿਣ ਦੇਣਾ
ਬੱਸ ਏਨੀ ਕੁ ਗੱਲ ਹੈ
ਰੁਕਿਓ ਜ਼ਰਾ
ਮੈਂ ਆਪਣੇ ਹਿੱਸੇ ਦਾ ਲੋਕ ਪੱਖੀ
ਮਜ਼ਲੂਮ ਹਾਮੀ
ਤੇ ਦਰਿੰਦਗੀ ਵਿਰੋਧੀ ਹੋ ਲਵਾਂ
ਰੁਕਿਓ ਜ਼ਰਾ
ਵਧ ਰਹੇ ਹਨੇਰੇ 'ਚ
ਮੋਮਬੱਤੀਆਂ ਬਾਲਣ ਤੁਹਾਡੇ ਨਾਲ ਚੱਲਾਂਗਾ
ਬੁਝਦੀ ਮੋਮਬੱਤੀ ਦੇ ਧੂਏਂ ਨੂੰ
ਸੌਂਪ ਦਿਆਂਗਾ
ਆਪਣੀ ਸੰਵੇਦਨਾ
ਤੇ ਕਿਸੇ ਹਨੇਰੀ ਜਿਹੀ ਨੁੱਕਰੇ
ਹਵਾ ਪਿਆਜੀ ਹੋ
ਮਨ ਹੀ ਮਨ
ਆਪਣੀ ਸਹਿਕਰਮਣ ਦੇ
ਜਿਸਮ ਦਾ
ਜੁਗਰਾਫੀਆ ਮਿਣਾਂਗਾ
ਤੇ ਆਪਣੀ ਵਹਿਸ਼ਤ ਦੀ ਜੁਗਾਲੀ ਕਰਾਂਗਾ
ਜ਼ਰਾ ਰੁਕਿਓ