ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਅੱਖਾਂ ਵਿੱਚ ਗੱਡੀ ਰੱਖਾਂ ਕੰਮਕਾਜ ਛੱਡੀ ਰੱਖਾਂ,
ਦਿਨ ਰਾਤ ਵਿੱਚ ਬਸ ਇੱਕੋ ਕੰਮ ਯਾਦ ਰੱਖਾਂ,
ਫੇਰ-ਫੇਰ ਕੱਚ ਵਾਲੇ ਸ਼ੀਸ਼ੇ ਉੱਤੇ ਹੁਣ ਤਾਂ,
ਉਂਗਲਾਂ ਵੀ ਥੱਕੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਮੈਨੂੰ ਇਹ ਕੀ ਹੋ ਗਿਆ ਏ ਨੈੱਟ ਮੇਰਾ ਖੋ ਗਿਆ ਏ,
ਬੱਚੇ, ਘਰਵਾਲੀ, ਮਾਪੇ ਸਭ ਮੈਥੋਂ ਖੋ ਗਿਆ ਏ,
ਪੁੱਠੇ ਸਿੱਧੇ ਥਾਵਾਂ ਉੱਤੇ ਵਿੰਗੇ ਸਿੱਧੇ ਮੂੰਹਾਂ ਨਾਲ,
ਸੈਲਫੀਆਂ ਖਿੱਚੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਫੋਨ ਜਦ ਆ ਗਿਆ ਏ, ਨੇਰ੍ਹਾ ਸਭ ਛਾ ਗਿਆ ਏ,
ਰੋਟੀ ਪਾਣੀ ਖਾਣਾ-ਪੀਣਾ, ਸਭ ਹੀ ਗੁਆ ਗਿਆ ਏ,
ਕਿਸੇ ਨੂੰ ਬੁਲਾਉਣਾ ਕੀ ਕਿਸੇ ਨੂੰ ਹਸਾਉਣਾ,
ਕੀ ਯਾਰੀਆਂ ਵੀ ਟੁੱਟੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਬੱਚੇ ਮੇਰੇ ਚਿੜਚਿੜੇ ਨੇ, ਰਿਸ਼ਤੇ ਵੀ ਤਿੜਕਣੇ ਨੇ,
ਇੱਕੋ ਛੱਤ ਥੱਲੇ ਬਸ, ਫੋਨ ਦਸ ਥਿੜਕਣੇ ਨੇ,
ਸਿਰ, ਅੱਖ, ਦਿਲ ਤੋਂ, ਬੀਮਾਰ ਹੁਣ ਹੋਇਆ ਮੈਂ,
ਗੋਲੀਆਂ ਹੀ ਫੱਕਣੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?
ਇਹੀ ਮੇਰਾ ਪਿਆਰ ਏ, ਇਹੀ ਮੇਰਾ ਯਾਰ ਏ,
ਇਹਦੇ ਬਿਨ ਲੱਗੇ 'ਸੁੱਖੇ', ਸੁੰਨਾ ਲੱਗੇ ਸੰਸਾਰ ਏ,
ਇੱਕ ਨਾਲ ਸਰਦਾ ਨੀ, ਦੋ ਨਾਲ ਸਰਦਾ ਨੀ,
ਤਿੰਨ ਸਿੰਮਾਂ ਰੱਖੀਆਂ ਜੀ।
ਲੱਗੇ ਨਾ ਮੋਬਾਇਲ ਬਿਨ ਜੀ ਮੇਰੇ ਹਾਣੀਆਂ,
ਅੱਜ ਕੱਲ੍ਹ ਹੋਇਆ ਮੈਨੂੰ ਕੀ ਮੇਰੇ ਹਾਣੀਆਂ ?