ਨਿਮ੍ਹੀਂ ਨਿਮ੍ਹੀਂ ਖ਼ੁਸ਼ਬੋਅ ਦੇ ਵਿਚ ਗੁੱਝੀ,
ਪਈ ਚਾਨਣੀਂ ਮਹਿਕ ਖਿਲਾਰਦੀ ਏ।
ਫੁੱਲ ਹੱਸ-ਹੱਸ ਟਹਿਕਦੇ ਉਸ ਵੰਨੇ,
ਜਦ ਰਿਸ਼ਮ ਕੋਈ ਸੈਨਤਾਂ ਮਾਰਦੀ ਏ।
ਜੀਵਨ-ਰਾਗ-ਝੱਰਨਾਹਟ ਦੇ ਸੋਮਿਆਂ ਚੋਂ,
ਕਿਤੇ-ਕਿਤੇ ਕੋਈ ਬੁੱਲਬੁਲ ਗੁੰਜਾਰਦੀ ਏ।
ਲਹਿ-ਲਹਿ ਕਰਦੀਆਂ ਸ਼ੋਖ਼-ਹਰਿਆਵਲਾਂ ਵਿਚ,
ਪੌਣ ਸ਼ੂਕਦੀ ਸੀਟੀਆਂ ਮਾਰਦੀ ਏ।
ਕਿਧਰੇ ਰਾਤ ਦੀ ਰਾਣੀਂ ਕਨੇਰ ਕਿਧਰੇ,
ਖਿੜ-ਖਿੜ ਕੇ ਮਹਿਕ ਖਿਲਾਰਦੀ ਏ।
ਏਹੋ ਜੱਹੇ ਮਾਹੌਲ ਵਿਚ ਧੁਨਿ ਜਦ ਕੋਈ,
ਸਿਧਾ ਤੀਰ ਕਲੇਜੇ 'ਚ ਮਾਰਦੀ ਏ;
ਰਾਗ-ਚੇਤੂਆਂ ਨੂੰ ਚੇਤੇ ਆ ਜਾਂਦੀ,
ਰੁੱਤਾਂ ਵਿਚ ਜੋ ਰੁੱਤ ਬਹਾਰ ਦੀ ਏ।
ਕਿਧਰੇ ਖਿੜੀ ਗੁਲਜ਼ਾਰ, ਫੁਹਾਰ ਕਿਧਰੇ,
ਹਰੇ ਘਾਹ ਤੇ ਮੋਤੀ ਮੁੱਸਕਾ ਰਹੇ ਨੇ।
ਜੀਵਨ-ਜੋਗੜੇ ਜ਼ਿੰਦਗੀ ਦੀ ਆਸ ਲੈਕੇ,
ਕੋਮਲ-ਪੱਤੀਆਂ ਨਾਲ ਲਹਿਰਾ ਰਹੇ ਨੇ।
ਪਏ ਝੂੰਮਦੇ ਕੱਣਕਾਂ ਦੇ ਖੇਤ ਕਿਧਰੇ,
ਜੀਵਨ-ਤੱੜਪ ਵਿਚ ਜ਼ਿੰਦਗੀ ਪਾ ਰਹੇ ਨੇ।
ਵੇਖ-ਵੇਖ ਕਿਸਾਨ ਨੇ ਖ਼ੁਸ਼ ਹੁੰਦੇ,
ਵਿਚ ਹੁਸਨ ਦੇ ਜੱਲੀਆਂ ਪਾ ਰਹੇ ਨੇ।
ਮੇਲੇ ਹੋਲੇ-ਮਹੱਲੇ, ਵਿਸਾਖੀਆਂ ਦੇ,
ਕੱਲਪਤ-ਰੂਪ ਵਿਚ ਸਾਹਮਣੇ ਆ ਰਹੇ ਨੇ।
ਗਾਉਂਦਾ, ਸ਼ਾਦ-ਆਬਾਦ ਪੰਜਾਬ ਦਿਸਦੈ,
ਕਿਤੇ ਮੁੰਡੇ ਪਤੰਗ ਚੜ੍ਹਾ ਰਹੇ ਨੇ।
ਇਹਨਾਂ-ਲਹਿਰਾਂ, ਉਮੰਗਾਂ ਤੇ ਸ਼ਾਦੀਆਂ ਵਿਚ,
ਸ਼ਾਇਦ ਜੋਬਨ ਪੰਜਾਬ ਦਾ ਨਿਖਰਦਾ ਏ।
ਹੁਸਨ. ਇਸ਼ਕ, ਸ਼ਬਾਬ ਜਵਾਨੀਆਂ ਦਾ,
ਇਹਨੀਂ ਦਿਨੀਂ ਪੰਜਾਬ ਵਿਚ ਬਿਖਰਦਾ ਏ।
ਇਹ ਨੇ ਦਿਨ ਜਦ ਧਰਤ ਤੇ ਖ਼ੱਲਕ ਵੀ ਇਹ,
ਨਵੇਂ ਜੋਬਨਾਂ ਵਿਚ ਡੱਲ੍ਹਕਾਂ ਮਾਰਦੀ ਏ;
ਏਸ ਰੁੱਤ ਵਿਚ ਹੈ 'ਕੁਦਰਤ' ਆਪ ਵੱਸਦੀ,
ਰੁੱਤਾਂ ਵਿਚ ਜੋ ਰੁੱਤ-ਬਹਾਰ ਦੀ ਏ।
ਕਿਧਰੇ ਕੁੜੀਆਂ ਪੰਜਾਬ ਦੀਆਂ ਵਿਚ ਮਸਤੀ,
ਗਿੱਧਾ ਪਾਉਂਦੀਆਂ ਧੱਰਤ ਹਿਲਾਉਂਦੀਆਂ ਨੇ।
ਵਿਚ ਤ੍ਰਿੰਞਣਾ' ਦੇ ਘੂਕਰ ਚੱਰਖ਼ਿਆਂ ਦੀ,
ਕਿਧਰੇ ਗੀਤ ਉਹ ਹਿਜਰਾਂ ਦੇ ਗਾਉਦੀਆਂ ਨੇ।
ਸ਼ੋਖ਼ੀ ਉਹਨਾ ਦੇ ਨੈਣਾਂ ਚੋਂ ਝੱਲਕਦੀ ਏ,
ਜਦੋਂ ਖੁਲ੍ਹਕੇ ਜ਼ਰਾ ਮੂਸਕਾਉਂਦੀਆਂ ਨੇ।
ਸ਼ਾਇਦ ਕਿੰਨੇ ਕੁ ਚਿੱਤ੍ਰ ਪੰਜਾਬ ਦੇ ਉਹ,
ਓਦੋਂ ਢਾਉਂਦੀਆਂ ਅਤੇ ਬਣਾਉਂਦੀਆਂ ਨੇ।
ਇਹਨਾਂ ਦਿਨਾਂ ਦੇ ਵਿਚ ਕਿਸਾਨ ਦੀਆਂ,
ਆਸਾਂ ਡੱਕੀਆ ਖ਼ੇਤਾਂ 'ਚ ਰਹਿੰਦੀਆਂ ਨੇ।
ਕਿਸਮਤ, ਨਾਲ ਹੀ ਦੇਸ਼ ਦੀ ਹੈ ਬਣਦੀ,
ਰੇਖਾ ਢਹਿੰਦੀਆਂ-ਉਕਰਦੀਆਂ ਰਹਿੰਦੀਆਂ ਨੇ।
ਮੁਰਦਾ ਮਨਾਂ ਦੇ ਵਿਚ ਹੈ ਰੌ ਤੁਰਦੀ,
ਜਦ ਕੋਈ ਵੱਜਦੀ ਲੈਅ ਸਿਤਾਰ ਦੀ ਏ।
ਰੁੜ੍ਹ ਗਏ ਹੁਸਨ ਨੂੰ ਹੈ ਸੁਰਜੀਤ ਕਰਦੀ,
ਰੁੱਤਾਂ ਵਿਚ ਜੋ ਰੁੱਤ ਬਹਾਰ ਦੀ ਏ।