ਰੁੱਤ ਬਰਫੀਲੀ ਨੇ ਇਸ ਤੇ, ਜ਼ੁਲਮ ਕਰਿਆ ਜਾਪਦੈ ।
ਸੋਨ ਰੰਗੀ ਧੁੱਪ ਦਾ ਤਾਂ ਸੇਕ ਠਰਿਆ ਜਾਪਦੈ ।
ਦੂਰ ਰਹਿ ਕੇ ਵੀ ਖਿਆਲਾਂ ਮੇਰਿਆਂ ਨੂੰ ਕੀਲਦੈਂ
ਮੰਨ ਚਾਹੇ ਨਾ ਮਗਰ ਜਾਦੂ ਤਾਂ ਕਰਿਆ ਜਾਪਦੈ ।
ਜ਼ਿੰਦਗੀ ਦੇ ਕੰਮ ਕਾਰਾਂ ਵਿੱਚ ਉਲਝੇ ਲੋਕ ਨੇ,
ਸੁਹਜ ਸ਼ਾਇਰੀ ਦਾ ਤਦੇ ਸੀਨੇ ਚੋਂ ਮਰਿਆ ਜਾਪਦੈ ।
ਅੱਗ ਦਾ ਸੜਿਆ ਜਦੋਂ ਲੱਸੀ ਨੂੰ ਫੂਕਾਂ ਮਾਰਦਾ,
ਕੀ ਕਹਾਂ ਮੈਂ ਓਸ ਨੂੰ ਕਿ, ਕਿਸ ਤੋਂ ਡਰਿਆ ਜਾਪਦੈ ।
ਮੇਰੀਆਂ ਅੱਖਾਂ ਚੋਂ ਛਲਕੇ, ਹੰਝ ਉਸਦੇ ਸਾਹਮਣੇ,
ਬੋਲਿਆ ਸ਼ੀਸ਼ਾ ਕਿ ਨੱਕੋ ਨੱਕ ਭਰਿਆ ਜਾਪਦੈ ।
ਮੈਂ ਉਡੀਕਾਂ ਤੇਰੀਆਂ ਕਰਦਾ ਜ਼ਰਾ ਭਰ ਡੋਲਿਆ,
ਆਖਿਆ ਲੋਕਾਂ ਨੇ, ਸਦਮਾ ਫੇਰ ਜਰਿਆ ਜਾਪਦੈ ।
ਇੱਕ ਬਦਲੋਟੀ ਵਰ੍ਹੀ, ਆ ਬੇਮੁਹਾਰੀ ਥਲ ਉਤੇ,
ਥਲ ਦੀ ਸੁੱਚੀ ਵੇਦਨਾ ਨੇ, ਅਸਰ ਕਰਿਆ ਜਾਪਦੈ ।