ਰੁੱਤ ਜੀਵਨ ਦੀ ਬਦਲਦੀ ਜਾ ਰਹੀ।
ਜਾਲ ਚੋਂ ਮੱਛਲੀ ਨਿਕਲਦੀ ਜਾ ਰਹੀ।
ਚੰਨ ਤਾਰੇ ਹੋ ਰਹੇ ਨੇ ਬਦਹਵਾਸ,
ਜਿਸ ਤਰਾਂ ਕਿ ਰਾਤ ਢਲਦੀ ਜਾ ਰਹੀ।
ਵੇਖ ਲੈ ਸਹਿਰਾ ਕਿਸੇ ਦੀ ਬੇਬਸੀ,
ਇਕ ਨਦੀ ਸਾਗਰ ’ਚ ਰਲਦੀ ਜਾ ਰਹੀ।
ਆਪ ਅਪਣੇ ਜਿਸਮ ਦੀ ਹੀ ਆਂਚ ਨਾਲ,
ਬਰਫ਼ ਪਰਬਤ ਦੀ ਪਿਘਲਦੀ ਜਾ ਰਹੀ।
ਕੀ ਪਤਾ! ਇਹ ਫੁੱਲ ਹੈ ਕਿ ਖ਼ਾਰ ਹੈ।
ਇਕ ਤਮੰਨਾ ਦਿਲ ’ਚ ਪਲਦੀ ਜਾ ਰਹੀ।
ਦੇਗਚੀ ਤਕ ਸੇਕ ਵੀ ਨਾ ਪਹੁੰਚਦਾ ,
ਅੱਗ ਵੀ ਹੈ ਤੇਜ ਬਲਦੀ ਜਾ ਰਹੀ।