ਰੁੱਤ ਵਸਲ ਦੀ ਉਹਦਾ ਪਾਣੀ ਭਰਦੀ ਏ ।
ਜੀਹਦੀ ਜਿੰਦੂ ਯਾਰ ਦੀ ਤਸਬੀ ਕਰਦੀ ਏ ।
ਉਹਦੇ ਵਿਹੜੇ ਕਦੇ ਖ਼ਿਜ਼ਾਵਾਂ ਆਈਆਂ ਨਹੀਂ
ਜਿਸ ਬੰਦੇ ਵੀ ਰਾਖੀ ਕੀਤੀ ਘਰਦੀ ਏ ।
'ਯੂਸਫ਼' ਨਹੀਂ ਮੈਂ ਅੱਟੀ ਮੁੱਲ ਖਰੀਦੇਂਗਾ,
ਮੇਰੇ ਸਿਰ ਦੀ ਕੀਮਤ ਤੇਰੇ ਸਿਰ ਦੀ ਏ ।
ਲੱਖਾਂ ਮਹਿਲ ਮੁਨਾਰੇ ਸੜਦੇ ਦੇਖੇ ਨੇ
ਸਿਰ ਉਚਾ ਜਦ ਕੱਲਿਆਂ ਵੀ ਅੱਗ ਕਰਦੀ ਏ ।
ਕਾਲਖ਼ ਮਲਦੀ ਜਾਵੇ ਮੱਥੇ ਰਸ਼ਮਾਂ ਦੇ,
ਸੋਹਣੀ ਵਿਚ ਝਨਾ ਦੇ ਜਾਂਦੀ ਤਰਦੀ ਏ ।
ਕੌਣ ਕਿਸੇ ਦੇ ਪਿੱਛੇ ਜਾਨ ਗੁਆਉਂਦਾ ਏ ।
'ਸ਼ਾਕਿਰ' ਗੱਲੀਂ ਬਾਤੀਂ ਦੁਨੀਆ ਮਰਦੀ ਏ ।