ਤਦ ਭਾਗੋ ਦੇ ਘਰ ਬਾਹਮਣਾਂ ਦੀ,

ਲੱਥੀ ਇੱਕ ਜੰਞ,

ਕਈ ਸਾਧੂ, ਗੁਣੀ ਮਹਾਤਮਾ,

ਕੰਨ ਪਾਟੇ ਨਾਂਗੇ ਨੰਗ।

ਕਈ ਜਟਾ ਜਟੂਰੀ ਧਾਰੀਏ,

ਇਕਨਾਂ ਦੀ ਹੋਈ ਝੰਡ,

ਇਕਨਾਂ ਸਿਰ ਜੁੜੀਆਂ ਲਿੰਭੀਆਂ,

ਇਕਨਾਂ ਦੇ ਸਿਰ ਵਿੱਚ ਗੰਜ।

ਇਕਨਾਂ ਦੀਆਂ ਗਜ਼ ਗਜ਼ ਬੋਦੀਆਂ,

ਤੇ ਗਲ ਸੂਤਰ ਦੀ ਤੰਦ,

ਇੱਕ ਮਲ ਕੇ ਆਏ ਭਬੂਤੀਆਂ,

ਜਿਉਂ ਨੀਲ ਕੰਠ ਦਾ ਰੰਗ।

ਹੋਏ ਖ਼ਾਲੀ ਮੱਠ ਜਹਾਨ ਦੇ,

ਆਏ ਡੇਰੇ ਛੱਡ ਮਲੰਗ,

ਇੱਕ ਆਏ ਅੱਕ ਧਤੂਰਾ ਪੀਂਵਦੇ,

ਇਕਨਾਂ ਨੇ ਪੀਤੀ ਭੰਗ।

ਖਾ ਖੀਰਾਂ ਇੰਜ ਡਕਾਰਦੇ,

ਜਿਉਂ ਘੋਗੜ ਕਾਂ ਦਾ ਸੰਘ,

ਪਰ ਸੱਚਾ ਸਾਧ ਨਾ ਪਰਤਿਆ,

ਉਸ ਕੋਧਰਾ ਖਾਧਾ ਮੰਗ।

📝 ਸੋਧ ਲਈ ਭੇਜੋ