ਸਮਝਦਾਰ ਸਿਆਣਾ ਏ ਦਿਲ ਮੇਰਾ

ਸਮਝਦਾਰ ਸਿਆਣਾ ਦਿਲ ਮੇਰਾ,

ਇਹਨੂੰ ਸੂਰਤਾਂ ਸਾਰੀਆਂ ਠੱਗਦੀਆਂ ਨੇ

ਚਮਕਣ ਚੰਨ ਤਾਰੇ ਦੀਵੇ ਚਾਨਣੀ ਦੇ,

ਕਿ ਚੰਗਿਆੜੀਆਂ ਹੁਸਨ ਦੀ ਅੱਗ ਦੀਆਂ ਨੇ

ਮੈਂ ਸ਼ਰਾਬੀ ਹਾਂ, ਚਮਨ 'ਚ ਫੁੱਲ ਕਲੀਆਂ,

ਮੈਨੂੰ ਜਾਮ ਸੁਰਾਹੀਆਂ ਲੱਗਦੀਆਂ ਨੇ

ਓਦੋਂ ਮੋਇਆਂ ਨੂੰ ਨੀਂਦਰਾਂ ਆਉਂਦੀਆਂ ਨੇ,

ਜਦੋਂ ਆਣ ਕੇ ਅੱਖੀਆਂ ਲੱਗਦੀਆਂ ਨੇ

ਆਖ਼ਰ ਆਣ ਕੇ ਗਲੇ ਦਾ ਹਾਰ ਹੋਈਆਂ,

ਲੀਰਾਂ ਜਦੋਂ ਹੋਈਆਂ ਮੇਰੀ ਪੱਗ ਦੀਆਂ ਨੇ

'ਦਾਮਨ' ਫੁੱਲਾਂ ਦੇ ਸੂਲਾਂ ਨੇ ਚਾਕ ਕੀਤੇ,

ਵਾਵਰੋਲੀਆਂ ਨ੍ਹੇਰੀਆਂ ਵਗਦੀਆਂ ਨੇ

 

📝 ਸੋਧ ਲਈ ਭੇਜੋ