ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਗਿਓਂ!
ਰਾਜ ਫ਼ਰੰਗੀਆਂ ਦਾ ਤੂੰ ਜੜ੍ਹੋਂ ਉਖਾੜ ਗਿਓਂ...
ਆਜ਼ਾਦੀ ਦੀ ਗੁੜਤੀ ਘਰ 'ਚੋਂ ਪਾਈ ਸੀ
ਸੀਸ ਅਰਪ ਦੇਵਣ ਦੀ ਰੀਤ ਨਿਭਾਈ ਸੀ
ਸੀਤ ਲਹੂ ਭਾਰਤ ਦਾ ਕਰ ਅੰਗਿਆਰ ਗਿਓਂ!...
ਦੁਨੀਆ ਵਿਚ ਹੈ ਸਭ ਤੋਂ ਪਿਆਰੀ ਆਪਣੀ ਮਾਂ
ਮਾਂ ਤੋਂ ਵਧ ਕੇ ਹੈ ਵਤਨ ਦੀ ਮਿੱਠੜੀ ਛਾਂ
ਏਸ ਹਕੀਕਤ ਨੂੰ ਕਰਕੇ ਜੱਗ ਜ਼ਾਹਰ ਗਿਓਂ!...
ਜਲ੍ਹਿਆਂ ਵਾਲੇ ਬਾਗ਼ 'ਚ ਖ਼ੂਨ ਜੋ ਡੁੱਲ੍ਹਿਆ ਸੀ
ਤੇਰੀ ਅੱਖ ਵਿਚ ਲਾਲੀ ਬਣਕੇ ਘੁਲ੍ਹਿਆ ਸੀ
ਭਾਰਤ ਮਾਂ ਲਈ ਅਪਣਾ ਕਰਜ਼ ਉਤਾਰ ਗਿਓਂ!...
ਗੇਰੂ ਰੰਗ ਦੀ ਮਿੱਟੀ ਬਾਗ਼ 'ਚੋਂ ਲੈ ਆਇਓਂ
ਸ਼ਹੀਦ ਹੋਇਆਂ ਨੂੰ ਇੰਤਕਾਮ ਲਈ ਕਹਿ ਆਇਓਂ
ਏਸ ਮਿਸ਼ਨ ਲਈ ਅਪਣਾ ਜੀਵਨ ਵਾਰ ਗਿਓਂ!...
ਫਾਹੀ ਨੂੰ ਹੱਸ ਹੱਸ ਕੇ ਗਲ ਵਿਚ ਪਾਇਆ ਤੂੰ
ਇਨਕਲਾਬ ਦਾ ਮਾਰਗ਼ ਠੀਕ ਦਿਖਾਇਆ ਤੂੰ
ਮੌਤ ਨੂੰ ਦੁਲਹਨ ਵਾਂਗੂੰ ਕਰਕੇ ਪਿਆਰ ਗਿਓਂ!...
ਪੰਜ-ਆਬ 'ਚੋਂ ਜਿਸਨੇ ਚੂਲੀ ਭਰ ਲਈ ਏ
ਜਾਨ ਤਲੀ 'ਤੇ ਅਪਣੀ ਉਸ ਨੇ ਧਰ ਲਈ ਏ
ਹੱਥ-ਕੜੀਆਂ ਵਿਚ ਰੋਹਲੇ ਬੋਲ ਉਚਾਰ ਗਿਓਂ !...
ਅਸੀਂ ਵੀ ਧਰਤੀ ਮਾਂ ਦੇ ਕੈਸੇ ਪੁੱਤਰ ਹਾਂ?
ਆਪਣੇ ਫਰਜ਼ਾਂ ਤੋਂ ਵੀ ਹੋਏ ਮੁਨਕਰ ਹਾਂ
ਭੁੱਲ ਗਏ ਜੋ ਦੇ ਕੇ ਸੋਚ-ਵਿਚਾਰ ਗਿਓਂ!...