ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ,
ਉਹ ਅੰਬਰ ਤੇ ਤਾਰਾ ਬਣ ਕੇ ਚੜ੍ਹਦੇ ਨੇ।
ਜਾਨ ਜਿਹੜੀ ਵੀ,
ਦੇਸ਼ ਦੇ ਲੇਖੇ ਲੱਗਦੀ ਹੈ,
ਉਹ ਗਗਨਾਂ ਵਿੱਚ,
ਸੂਰਜ ਬਣ ਕੇ ਦਘਦੀ ਹੈ।
ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ,
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ।
ਧਰਤੀ ਉੱਪਰ ਜਿੰਨੇ ਵੀ ਨੇ,
ਫੁੱਲ ਖਿੜਦੇ,
ਉਹ ਨੇ ਸਾਰੇ ਖ਼ਾਬ,
ਸ਼ਹੀਦਾਂ ਦੇ ਦਿਲ ਦੇ।
ਫੁੱਲ ਉਹਨਾਂ ਦੇ ਲਹੂਆਂ ਨੂੰ ਹੀ ਲੱਗਦੇ ਨੇ,
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ।
ਕੋਈ ਵੀ ਵੱਡਾ ਸੂਰਾ ਨਹੀਂ,
ਸ਼ਹੀਦਾਂ ਤੋਂ,
ਕੋਈ ਵੀ ਵੱਡਾ ਵਲੀ ਨਹੀਂ,
ਸ਼ਹੀਦਾਂ ਤੋਂ।
ਸ਼ਾਹ, ਗੁਣੀ ਵਿਦਵਾਨ ਉਹਨਾਂ ਦੇ ਬਰਦੇ ਨੇ,
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ।