ਸਤਾਰ ਦੀ ਤਰਬ

ਨਾਜ਼ਕ ਤਰਬ ਸਤਾਰ ਦੀਏ; ਤੂੰ ਕੀ ਫਰਿਆਦ ਮਚਾਵੇਂ ?

ਸੁਹਲ ਕਿਸੇ ਦੀ ਵੀਣੀ ਵਾਂਗਰ, ਥਰ ਥਰ ਕੰਬੀ ਜਾਵੇਂ।

ਥਰਕ ਤੇਰੀ ਵਿੱਚ ਸੁਆਦ ਇਲਾਹੀ ਸੁੱਤੀ ਕਲਾ ਜਗਾਵੇਂ,

ਅਰਸ਼ੇ ਚਾੜ੍ਹ ਸੁਰਤ ਦੀ ਗੁੱਡੀ ਤੁਣਕੇ ਨਾਲ ਨਚਾਵੇਂ।

ਗੂੰਜ ਤੇਰੀ ਦੀਆਂ ਲੁਕਵੀਆਂ ਰਮਜ਼ਾਂ ਧੁਹੀ ਜਾਣ ਕਲੇਜਾ,

ਕੀ ਪਾ ਕੇ ਤੂੰ ਗੂੰਗੇ ਵਾਂਗ਼ਰੇ, ਗੁਣ-ਗੁਣ-ਗੁਣ-ਗੁਣ ਗਾਵੇਂ ?

ਕਹਿਣ ਲੱਗੀ : ਇਸ ਥਰਕਣ ਵਿੱਚ ਇਹ ਰਮਜ਼ ਪਈ ਥੱਰਾਵੇ,

ਜੀਵਨ ਜੋਤ ਜਗੇ ਜਦ ਸੀਨੇ, ਹਰਕਤ ਦੇ ਵਿੱਚ ਆਵੇ।

ਹਰਕਤ ਨਾਲ ਹੁਲਾਰੇ ਖਾਂਦੀ, ਹਰ ਸ਼ੈ ਦੀ ਜ਼ਿੰਦਗਾਨੀ,

ਜੀਵਨ ਚਾਲ, ਚਾਲ ਹੈ ਜੀਵਨ, ਇਸ ਬਿਨ ਲੋਥ ਸਦਾਵੇ

ਮੈਂ ਜੀਵਾਂ ਹਰਕਤ ਵਿੱਚ ਕੇ; ਰਾਗ ਛਿੜੇ ਰੂਹਾਨੀ,

ਤਾਰ ਮੇਰੀ ਜਦ ਮਾਲਕ ਉੱਪਰੋਂ, ਠੂੰਗੇ ਨਾਲ ਹਿਲਾਵੇ।

📝 ਸੋਧ ਲਈ ਭੇਜੋ