ਨੂਰ ਦੇ ਚਸ਼ਮਿਓ ਨ੍ਹਾਤਿਆ ਤਾਰਿਆ ! ਕੈਸਾ ਹੈਂ ਤੂੰ ਪਿਆਰਾ ਪਿਆਰਾ,
ਝੂਟ ਝੂਟ ਪੀਂਘਾਂ ਰਿਸ਼ਮਾਂ ਵਾਲੀਆਂ, ਦੁਨੀਆਂ ਨੂੰ ਦੇ ਪਰੇਮ-ਹੁਲਾਰਾ ।
ਫੁੱਲ ਤੋਂ ਚੁੱਕਦੀ ਸ਼ਹਿਦ ਨੂੰ ਮੱਖੀ, ਵੇਖ ਕੇ ਤੈਨੂੰ ਘਰ ਨੂੰ ਆਵੇ,
ਥੱਕ ਕੇ ਚੂਰ ਹੋਏ ਮਜ਼ਦੂਰ ਦਾ ਤੂੰਹੇਂ ਕਰਾਂਦਾ ਹੈਂ ਛੁਟਕਾਰਾ ।
ਸ਼ਾਂਤੀ ਦਾ ਜੋ ਰਾਜ ਲਿਆਵੇ, ਉਹ ਹੈ ਤੇਰੀ ਸੁੰਦਰ ਜੋਤੀ,
ਅੰਬਰ ਤੋਂ ਬਰਸਾ ਕੇ ਠੰਢਕ, ਤੂੰਹੇਂ ਖਿਲਾਰੇ ਥਾਂ ਥਾਂ ਮੋਤੀ !
ਤੜਪ ਤੇਰੀ ਥੀਂ ਅਸਮਾਨਾਂ ਦਾ, ਇੰਜ ਨਿਖਰਦਾ ਚਿਹਰਾ ਮੁਹਰਾ,
ਹਾਰ ਸ਼ਿੰਗਾਰੀ ਰਾਧਿਕਾ ਜੀਕਰ, ਹੁੰਦੀ ਏ ਸ਼ਾਮ ਦੇ ਕੋਲ ਖਲੋਤੀ ।
ਸਜਿਆ ਫਬਿਆ ਰੰਗ ਰੰਗੀਲਾ, ਜਦ ਤੂੰ ਆਪਣਾ ਰੂਪ ਨਿਖਾਰੇਂ,
ਜ਼ਿਮੀਂ ਦੀਆਂ ਗੁਲਜ਼ਾਰਾਂ ਵਿੱਚੋਂ, ਉਠਦੀਆਂ ਮਹਿਕਾਂ ਤਾਈਂ ਖਿਲਾਰੇਂ !
ਦੂਰ ਦੁਰਾਡੇ ਜੰਗਲੀਂ ਬੁਕਦੇ, ਨਿਕਲਨ ਘੁਰਿਓਂ ਸ਼ੇਰ ਬਘੇਲੇ,
ਖ਼ੁਸ਼ੀਆਂ ਦੇ ਸ਼ਦੀਆਨੇ ਛਿੜਦੇ, ਜਦ ਤੂੰ ਹਸ ਕੇ ਝਾਤੀ ਮਾਰੇਂ ।
ਵਿਹਲਾ ਹੋ ਕੇ ਤੁਰਦਾ ਹਾਲੀ, ਰਾਗ ਖ਼ੁਸ਼ੀ ਦੇ ਗਾਂਦਾ ਗਾਂਦਾ,
ਡੰਗਰ ਵੱਛਾ ਛਾਲਾਂ ਮਾਰੇ, ਖੁਰਲੀ ਦੇ ਵੱਲ ਜਾਂਦਾ ਜਾਂਦਾ ।
ਖਾਣ ਪੀਣ ਦੇ ਆਹਰੀਂ ਲੱਗੇ, ਝੁੱਗੀਆਂ ਵਾਲੇ ਬਾਲ ਕੇ ਚੁੱਲ੍ਹੇ,
ਹਿਲਜੁਲ ਬਾਝ ਜਿਨ੍ਹਾਂ ਦਾ ਧੂੰਆਂ, ਚੜ੍ਹੇ ਉਤਾਂਹ ਵਲ ਖਾਂਦਾ ਖਾਂਦਾ ।
ਤਾਰਾ ਹੈਂ ਤੂੰ ਆਸ਼ਕ ਦਾ ਦਿਲ ਨਾਲ ਮਸ਼ੂਕ ਮਿਲਾਉਣ ਵਾਲਾ,
ਵਿੱਛੜਿਆਂ ਦੀਆਂ ਸੋਚਾਂ ਦਾ ਤੂੰ, ਚੇਤਾ ਖੋਹਾਂ ਪਾਉਣ ਵਾਲਾ ।
ਮਿੱਠੀਆਂ ਮਿੱਠੀਆਂ ਸੌਹਾਂ ਸੁਗੰਧਾਂ, ਨਾਲ ਸਿਦਕ ਦੇ ਪਾਈਆਂ ਹੋਈਆਂ,
ਕੰਮੀਂ ਧੰਦੀਂ ਰੁੱਝਿਆਂ ਤਾਈਂ, ਤੂੰ ਹੈਂ ਯਾਦ ਕਰਾਉਣ ਵਾਲਾ।