ਕਈ ਦਿਨਾਂ ਤੋਂ ਦੇਖ ਰਿਹਾ ਸਾਂ
ਗੁੰਮਸੁਮ ਹੋਇਆ ਚਿਹਰਾ
ਓਹ ਚੁੱਪ ਚਾਪ ਸੀ ਬੈਠੀ ਰਹਿੰਦੀ
ਪਾਰਕ ਵਿਚਲੇ ਬੈਂਚ ਦੇ ਉੱਤੇ
ਅੱਖੀਂ ਕੁਝ ਸਵਾਲ ਜੇ ਫੜ ਕੇ...?
ਮੈਨੂੰ ਜਾਪਿਆ ਤਰਸ ਰਹੀ ਏ
ਓਹ ਕਰਨ ਲਈ ਗੱਲਾਂ ਅਣਭੋਲ
ਮੈਂ ਵੀ ਓਹਦੇ ਕੋਲ ਜਾ ਬੈਠਾ
ਓਹਨੇ ਨਜ਼ਰ ਘੁੰਮਾ ਕੇ ਤੱਕਿਆ
ਮੈਂ ਪੁੱਛਿਆ ਦੱਸ ਨਾਂ ਕੀ ਤੇਰਾ...?
ਮੇਰੀ ਤਲੀ ਦੇ ਉੱਤੇ ਓਹਨੇ
ਉਂਗਲ ਦੇ ਨਾਲ ਅੱਖ਼ਰ ਉੱਕਰੇ
ਪਰ, ਬੁੱਲ੍ਹਾਂ ਥੀਂ ਕੁਝ ਨਈਂ ਬੋਲੀ...
ਲਗਦਾ ਕੋਈ ਰਿਸ਼ਤਾ ਤਿੜਕ ਕੇ
ਛੱਡ ਗਿਆ ਏ ਛਾਪ ਦਿਮਾਗ਼ ’ਚ
ਪਿਓ ਦੀ ਲਾਡਲੀ ਤੇ ਮਾਂ ਦੀ ਜਾਈ
ਸਮਝਣਾ ਚਾਹੁੰਦੀ ਰਿਸ਼ਤਿਆਂ ਨੂੰ...!
ਪਰ, ਹਾਲੇ ਹੈ ਉਮਰ ਬਾਲੜੀ
ਮੈਂ ਓਹਨੂੰ ਇੱਕ ਬਾਤ ਸੁਣਾਈ
ਪਰੀ ਦੇਸ ਦੀ ਸ਼ਹਿਜ਼ਾਦੀ ਦੀ...
ਕੁਝ ਚਿਰ ਮੇਰੀ ਬਾਤ ਨੂੰ ਸੁਣ ਕੇ
ਚੱਲਦੀ ਬਾਤ ਨੂੰ ਰੋਕ ਕੇ ਪੁੱਛਿਆ-
‘‘ਹੁਣ ਕਿੱਥੇ ਹੈ, ਓਹ ਸ਼ਹਿਜ਼ਾਦੀ’’
ਮੇਰੇ ਮੂੰਹੋਂ ਇਕਦਮ ਨਿਕਲਿਆ-
‘‘ਤੂੰ ਏਂ ਨਿੱਕੀਏ ਓਹ ਸ਼ਹਿਜ਼ਾਦੀ’’
ਓਹ ਅਚਾਨਕ ਖਿੜ-ਖਿੜ ਹੱਸੀ
ਪੱਬਾਂ ਭਾਰ ਓਹ ਘਾਹ ’ਤੇ ਨੱਚੀ
ਸਾਹਮਣੇ ਓਹਦੀ ਮਾਂ ਖੜ੍ਹੀ ਸੀ
ਅੱਖੀਆਂ ਵਿੱਚ ਸੀ ਖ਼ੁਸ਼ੀ ਦੇ ਹੰਝੂ...।