ਤੁਰਦੇ ਤੁਰਦੇ ਸ਼ਾਮ ਢਲ ਗਈ

ਤੁਰਦੇ ਤੁਰਦੇ ਸ਼ਾਮ ਢਲ ਗਈ ਮੈਂ ਸਾਂ ਕੱਲਮ ’ਕੱਲਾ

ਜਦ ਮੁੜ ਪਿੱਛੇ ਪੈੜਾਂ ਤੱਕੀਆਂ ਮੈਂ ਸਾਂ ਦਿਲ ਸੀ ਝੱਲਾ

 

ਤੁਰਨਾ ਮੇਰਾ ਫ਼ੱਕਰਾਂ ਵਾਂਗੂ ਪੈਰਾਂ ਦੇ ਵਿੱਚ ਚੱਕਰ

ਰਾਹ ਚਲਦੇ ਮਿਲ ਗਏ ਮੈਨੂੰ ਸੋਚ ਮੇਰੀ ਦੇ ਫ਼ੱਕਰ

ਤੋਰ ਮੇਰੀ ਪ੍ਰਛਾਵਾਂ ਤੱਕੇ ਪਰ ਲੱਭੇ ਨਾ ਸਿਰਨਾਵਾਂ

ਫ਼ੱਕਰਾਂ ਪੁੱਛਿਆ ਮੈਨੂੰ ਝੱਲਿਆ ਕਿੱਧਰ ਨੂੰ ਤੁਰ ਚੱਲਾ

ਤੁਰਦੇ ਤੁਰਦੇ ਸ਼ਾਮ ਢਲ ਗਈ............

 

ਦੇਖੀ ਰਾਤ ਪਹਾੜੀ ਚੋਟੀ ਡਿੱਠੀ ਤਾਰਿਆਂ ਵਾਂਗੂ ਜਗਦੀ

ਹੋਈ ਸਵੇਰ ਮੇਰੀ ਅੱਖ ਖੁੱਲ੍ਹੀ ਵਸਦੀ ਸੀ ਇਕ ਬਸਤੀ

ਰੁਮਕੀ ਹਵਾ ਕੰਨਾਂ ਦੇ ਕੋਲੋਂ ਧੁਨ ਐਸੀ ਫੇਰ ਛਾਈ

ਬੱਦਲਾਂ ਓਹਲੇ ਕਿਸੇ ਪਰੀ ਦਾ ਉੱਡਦਾ ਦਿਸਿਆ ਪੱਲਾ

ਤੁਰਦੇ ਤੁਰਦੇ ਸ਼ਾਮ ਢਲ ਗਈ............

 

ਨਾਦ ਅੰਬਰੀਂ ਗੂੰਜਿਆ ਜਦ ਸੁਣੀਆਂ ਸੀ ਖੜਤਾਲਾਂ

ਚੁੱਕ ਡੰਗੋਰੀ ਮੈਂ ਤੁਰਿਆ ਸੀ ਕਰਨ ਲਈ ਪੜਤਾਲਾਂ

ਚਿੱਟੀ ਬਰਫ਼ ਮਰਮਰੀ ਮੂਰਤ ਕਿਸ ਨੇ ਕਿਵੇਂ ਬਣਾਈ

ਲੱਭਣ ਤੁਰਿਆ ਕਾਦਰ ਨੂੰ ਸੀ ਸੋਚ ਮੇਰੀ ਦਾ ਹੱਲਾ

ਤੁਰਦੇ ਤੁਰਦੇ ਸ਼ਾਮ ਢਲ ਗਈ............

 

ਬਿਰਹੋਂ ਰੁੱਤ ਹੰਢਾਈ ਪਿੰਡੇ ਇਹ ਰੁੱਤ ਕੈਸੀ ਆਈ

ਅਰਮਾਨਾਂ ਦੀ ਪੌਣ ਚੱਕੀ ਨੇ ਕੇਹੀ ਸ਼ਤਰੰਜ ਵਿਛਾਈ

ਉੱਤਮ ਸੁਣ ਖੜਾਕ ਉੱਡ ਗਏ ਟਾਹਣੀ ਉੱਤੋਂ ਪਰਿੰਦੇ

ਹਰਾ ਭਰਾ ਰੁੱਖ ਖ਼ਾਕ ਹੋ ਗਿਆ ਰਿਹਾ ਨਾ ਉਸ ਦਾ ਥੱਲ੍ਹਾ

ਤੁਰਦੇ ਤੁਰਦੇ ਸ਼ਾਮ ਢਲ ਗਈ............

(ਹਰਫ਼ ਬਣੇ ਗੀਤ)

 

📝 ਸੋਧ ਲਈ ਭੇਜੋ