ਸਿੱਕਾਂ ਸੱਧਰਾਂ ਦਾ ਜਦ ਤੀਕਰ, ਦਿਲ ਵਿੱਚ ਰਿਹਾ ਵਸੇਰਾ,
ਚੋਬਾਂ, ਚੀਸਾਂ, ਆਹਾਂ, ਉਡੀਕਾਂ, ਪਾਈ ਰੱਖਿਆ ਡੇਰਾ।
ਮਿਲੀ ਮੁਰਾਦ ਤੇ ਲਾਟਾਂ ਬੁਝੀਆਂ, ਸੁੰਞਾ ਹੋ ਗਿਆ ਖ਼ੇੜਾ,
ਸਮਝ ਪਈ ਉਸ ਦੂਰੀ ਵਿੱਚ ਸੀ, ਵਸਲੋਂ ਸੁਆਦ ਵਧੇਰਾ।
ਪ੍ਰੀਤਮ ਦਾ ਆਣਾ ਪਰ ਆ ਕੇ ਪਰਤ ਪਰਤ ਤੜਫਾਣਾ,
ਫੇਰ ਮਿਲਣ ਦੀ ਚੋਬ ਚੁਆਤੀ, ਲਟਕ ਜਿਹੀ ਲਾ ਜਾਣਾ।
ਆਣਾ; ਲੁਕ ਜਾਣਾ, ਆ ਜਾਣਾ, ਰੱਖਣੀ ਝਾਂਗ ਬਣਾਈ,
ਦਿਲ ਵਿੱਚ ਤੜਫ ਜਿਵਾਲੀ ਰੱਖ਼ੇ, ਏਹੋ ਤੰਦਣ ਤਾਣਾ।