ਵਾਵਰੋਲਿਆਂ ਦੀ ਕੂਕ
ਬਿਜਲੀ ਕਾਲੜੀ ਦੀ ਸ਼ੂਕ
ਖ਼ਾਬ ਹੱਫਦੇ ਮਲੂਕ
ਰੰਗ ਤਪਦੇ ਦੀ ਹੂਕ
ਰੋਣ ਧਰਤੀ ਦੇ ਰਾਹ
ਜ਼ੋਰ ਪਾਉਂਦੇ ਗੁਨਾਹ।
ਨੀਂਦ ਜਿੰਦ ਨੂੰ ਸ਼ਿੰਗਾਰੇ
ਜਿਵੇਂ ਖੜ ਗਏ ਸਤਾਰੇ—
ਮੀਨਾ ਸਾਗਰਾਂ ਕਿਨਾਰੇ
ਜਿਵੇਂ ਅੰਬਰਾਂ ਨੂੰ ਹਾੜੇ-
ਮਿਰਜ਼ਾ ਸਿਦਕ ਵਾਲੇ ਰਾਹ
ਸੁੱਤਾ ਲੰਘ ਕੇ ਗੁਨਾਹ।
ਤੁੰਦ ਕਾਲੀਆਂ ਗਾਰਾਂ
ਬਲਦੀ ਨਦੀ ਦੇ ਪਾਰਾਂ—
ਡੰਗ ਨਾਗਾਂ ਦੇ ਆਰਾਂ
ਕਹੀਆਂ ਜ਼ਹਿਰਾਂ ਸਹਾਰਾਂ !
ਵਿਛੜੇ ਬਾਗ਼ਾਂ 'ਚ ਜਾਨੀ
ਰਹੀਆਂ ਰੋਹੀਆਂ ਨਿਸ਼ਾਨੀ।
ਵਗੇ ਸਰਕੜੇ 'ਚ ਲੋਅ
ਤਪੇ ਕੋਹਾਂ ਦੇ ਕੋਹ
ਸ਼ੀਹਾਂ ਤਾਣਿਆਂ ਰੋਹ;
ਛਲਕੇ ਰੁੱਤਾਂ ਦਾ ਮੋਹ
ਵਿਚ ਵਕਤ ਦੀ ਕਾਨੀ,
ਲਿਖੇ ਨੀਂਦਾਂ 'ਚ ਜਾਨੀ।
ਲਚਕਾਂ ਖਾਂਦੀਆਂ ਨਾਰਾਂ
ਸਾਉਣ ਵਰ੍ਹੇ ਜਿਉਂ ਬਾਰਾਂ;
ਆਸ਼ਿਕ ਸੁੱਤੇ ਹਜ਼ਾਰਾਂ
ਥਲਾਂ ਫੜੀਆਂ ਮੁਹਾਰਾਂ-
ਚੁੱਕੀ ਜਾਂਦੇ ਕਚਾਵੇ
ਡੂੰਘੇ ਦਰਦ ਦੇ ਹਾਵੇ।
ਛੱਡ ਥਲਾਂ ਦੇ ਘੇਰੇ
ਛੱਡ ਖਰਲਾਂ ਦੇ ਵਿਹੜੇ
ਚੰਧੜ ਸਿਆਲਾਂ ਦੇ ਝੇੜੇ
ਫੋਕੇ ਦੁਨੀਆਂ ਦੇ ਜੇਰੇ
ਲੰਘ ਬੇਟਾਂ 'ਚੋਂ ਆਵੇ,
ਮਿਰਜ਼ਾ ਸਿਦਕ ਅਜ਼ਮਾਵੇ।
ਸਬਰਾਂ ਸਿਦਕਾਂ ਦੇ ਸ਼ਿੰਗਾਰੀ
ਲਾਈ ਬੱਕੀ ਨੇ ਉਡਾਰੀ
ਪੌਣ ਪੁਰੇ ਦੀ 'ਚ, ਵਾਰੀ !
ਲਾਈ ਝੁੰਮਰਾਂ ਜਿਉਂ ਤਾਰੀ—
ਚੋਲੇ ਜਿੰਦ ਦੇ ਉਤਾਰਾਂ
ਨੱਢੀ ਤੱਕਾਂ ਹਿੱਕ ਵਾਰਾਂ।
ਪੈਣ ਨਾਗਾਂ ਦੇ ਪੈਂਡੇ
ਜੰਡ ਚੁੰਮ੍ਹ ਚੁੰਮ੍ਹ ਲੈਂਦੇ;
ਜਿਹੜੇ ਜੱਗ ਨਾਲ ਰਹਿੰਦੇ
ਜੋਬਨ ਖੁਰ ਖੁਰ ਵੈਂਦੇ;
ਕਿੱਥੇ ਸਾਹਿਬਾਂ ਨੂੰ ਉਤਾਰਾਂ ?
ਨੀਂਦ ਵੇਖ ਰਹੀਆਂ ਨਾਰਾਂ।
ਖ਼ਾਲੀ ਜੱਗ ਦੇ ਰੰਗਾਂ
ਸਾਹਮੇ ਤਰਕਸ਼ ਟੰਗਾਂ-
ਰੂਹ ਦੀਆਂ ਹੋਰ ਨੇ ਮੰਗਾਂ
ਤਾਂਹੀਉਂ ਯਾਰ ਤੋਂ ਸੰਗਾਂ-
ਸੰਞ ਫ਼ਜਰ ਨੂੰ ਹੀਰਾਂ,
ਨਿੱਤ ਤੱਕੀਆਂ ਨੇ ਪੀਰਾਂ।
ਔਹ ਨੇ ਜੱਗ ਦੀਆਂ ਧੂੜਾਂ
ਕਿਸ ਨੂੰ ਤੀਰ ਸੰਗ ਘੂਰਾਂ !
ਸਾਨੂੰ ਵਰਜਿਆ ਨੂਰਾਂ
ਪਾਕ ਹਰਫ਼ ਦੀਆਂ ਹੂਰਾਂ-
ਕਰਨਾ ਕੀ ਇਹ ਤੀਰਾਂ,
ਸਾਨੂੰ ਭੁੱਲੇ ਸ਼ਮੀਰਾਂ !
ਤਰਕਸ਼ ਟੰਗਿਆ ਜੋ ਜੰਡ
ਹੇ ਨਾਂਹ ਦਿਲੜੀ ਦਾ ਰੰਗ
ਝੂਠੀ ਦੁਨੀਆਂ ਦੀ ਮੰਗ-
ਕੂੜੇ ਅਦਲਾਂ ਦਾ ਤੋਲ
ਸਾਹਿਬਾਂ ਸੱਚ ਤੋਂ ਸੁਹਲ।
ਵਿਚ ਹਸ਼ਰਾਂ ਦੁਪਹਿਰ
ਫੜ੍ਹੀ ਚੁੰਝਾਂ ਵਿਚ ਕਹਿਰ
ਸੁੱਟੀ ਧਰਤੀ 'ਤੇ ਜ਼ਹਿਰ—
ਸਾਹਿਬਾਂ ਸ਼ਾਹ ਰਗ ਤੋਂ ਕੋਲ,
ਮਿਰਜ਼ਾ ਬੋਲੋ ਨਾਂਹ ਬੋਲ।