ਵਾਵਰੋਲਿਆਂ ਦੀ ਰਣਭੂਮੀ

ਇਹ ਵਿਸ਼ਾਲ ਮੈਦਾਨ

ਜੋ ਅੱਜ ਕੱਲ੍ਹ ਫੈਲਿਆ ਹੋਇਆ ਹੈ 

ਸਾਡੀ ਸੋਚ ਦੇ ਦਿਸਹੱਦਿਆਂ ਤਕ 

ਤੇ ਸਿਮਟਿਆ ਹੋਇਆ ਹੈ

ਸਾਡੀ ਜਿਸਮਾਂ ਦੀ ਮਿੱਟੀ ਦੀਆਂ ਹੱਦਾਂ ਤਕ 

ਸਾਡਾ ਪੰਜਾਬ ਹੀ ਤਾਂ ਹੈ

ਇਹ ਵਿਸ਼ਾਲ ਮੈਦਾਨ

ਕਿਸੇ ਕਿਰਤੀ ਦੇ ਹੱਥ ਦੀ ਤਲੀ ਵਰਗਾ 

ਸਿੱਧ ਪੱਧਰਾ ਤੇ ਕੁਝ ਖਰ੍ਹਵਾ ਜਿਹਾ

ਸਦਾ ਜਵਾਨ ਉਮਰ ਦੀ ਅਸੀਸ ਦੇਣ ਵਾਲਾ

ਅੱਜ ਇਸ ਦੀ ਮਿੱਟੀ 'ਤੇ

ਮਾਸੂਮ ਲਹੂ ਦੇ ਏਨੇ ਦਾਗ਼ ਕਿਉਂ ਨੇ

ਸਾਨੂੰ ਪੁੱਛਦੀਆਂ ਹਰੀਆਂ ਕਚੂਰ ਕਣਕਾਂ

ਸਾਨੂੰ ਪੁੱਛਦੇ ਸਰ੍ਹੋਂ ਦੇ ਸੋਨ ਰੰਗੇ ਫੁੱਲ

ਸਾਨੂੰ ਪੁੱਛਦੀਆਂ ਕਿੱਕਰਾਂ, ਧਰੇਕਾਂ ਤੇ ਟਾਹਲੀਆਂ

ਸਾਨੂੰ ਪੁੱਛਦੇ ਗੋਲੇ ਕਬੂਤਰ ਤੇ ਕਾਂ

ਹੁਣ ਕਿਸੇ ਦਿਲਬਰ ਦੇ ਆਉਣ ਦੀ

ਖ਼ਬਰ ਕਿਉਂ ਨਹੀਂ ਆਉਂਦੀ

ਸਿਰਫ਼ ਮਾਰੇ ਗਿਆਂ ਦੀ ਗਿਣਤੀ ਦਾ ਹੀ ਜ਼ਿਕਰ ਹੁੰਦਾ ਹੈ

ਇਹ ਵਿਸ਼ਾਲ ਮੈਦਾਨ

ਸੋਚਾਂ ਦੇ ਦਿਸਹੱਦਿਆਂ ਤਕ ਫੈਲਿਆ

ਜਿਸਮਾਂ ਦੀਆਂ ਹੱਦਾਂ ਤਕ ਸਿਮਟਿਆ

ਕਿਉਂ ਹੰਢਾ ਰਿਹਾ ਹੈ ਅੱਜ ਕੱਲ੍ਹ 

ਟੁਕੜਿਆਂ 'ਚ ਵੰਡੀ ਮਹਾਂਭਾਰਤ ਦਾ ਸਰਾਪ

ਆਏ ਦਿਨ ਜਾਨਾਂ ਦੀਆਂ ਖੂਹਣੀਆਂ ਖਪਦੀਆਂ 

ਰਾਹਾਂ 'ਚ ਪੁੱਟੇ ਹੋਏ

ਅਣਦਿੱਸਦੇ ਖੂਹ ਫੇਰ ਵੀ ਨਹੀਂ ਭਰਦੇ 

ਜ਼ਿਕਰ ਮੱਲ੍ਹਮ ਦਾ ਜ਼ਰੂਰ ਹੁੰਦਾ ਹੈ

ਜੇ ਮਿਲਦੇ ਹਨ ਤਾਂ ਸਿਰਫ਼ ਸੱਜਰੇ ਜ਼ਖ਼ਮ

ਇਹ ਵਿਸ਼ਾਲ ਮੈਦਾਨ

ਘੁੱਗ ਵਸਦਾ ਸਾਡਾ ਪੰਜਾਬ 

ਘੁੱਗ ਵਸਦਾ ਤਾਂ ਹੈ ਹੁਣ ਵੀ 

ਫ਼ਰਕ ਏਨਾ ਹੈ

ਕਿ ਜਿਸਮਾਂ ਤੇ ਮਨਾਂ ਨਾਲੋਂ 

ਇਨ੍ਹਾਂ ਉੱਤੇ ਲੱਗੇ ਜ਼ਖ਼ਮਾਂ ਦੀ 

ਸੰਸਿਆਂ ਦੀ, ਸ਼ੰਕਿਆਂ ਦੀ 

ਗਿਣਤੀ ਕਿਤੇ ਜ਼ਿਆਦਾ ਹੈ

ਇਹ ਵਿਸ਼ਾਲ ਮੈਦਾਨ

ਬੇਰਹਿਮੀ ਦੇ ਸੋਕੇ ਦਾ ਸ਼ਿਕਾਰ 

ਵਾਵਰੋਲਿਆਂ ਦੀ ਰਣਭੂਮੀ ਬਣਿਆ 

ਸਾਡਾ ਪੰਜਾਬ ਹੀ ਤਾਂ ਹੈ।

📝 ਸੋਧ ਲਈ ਭੇਜੋ