ਵਾ ਜਦ ਤੇਰੇ ਕੋਲੋਂ ਲੰਘ ਰਹੀ ਹੋਵੇਗੀ

'ਵਾ ਜਦ ਤੇਰੇ ਕੋਲੋਂ ਲੰਘ ਰਹੀ ਹੋਵੇਗੀ 

ਸੋਚ ਖਾਂ ਉਹਦੀ ਦੁਨੀਆਂ ਕਿੰਜ ਜਿਹੀ ਹੋਵੇਗੀ

ਤੂੰ ਜਦ ਮੁੱਖ ਤੇ ਵਾਲ਼ ਖਿਲਾਰੇ ਹੋਵਣਗੇ 

ਸੂਰਜ ਦੀ ਤੇ ਜਾਨ ਨਿਕਲ਼ ਗਈ ਹੋਵੇਗੀ

ਜਿੰਨ੍ਹਾਂ ਅੱਖਾਂ ਤੈਨੂੰ ਤੱਕਿਆ ਹੋਵੇਗਾ 

ਉਹਨਾਂ ਦੀ ਤੇ ਹਾੜੀ ਪੱਕ ਪਈ ਹੋਵੇਗੀ

ਤਾਰੇ ਗ਼ਜ਼ਲ ਜੇ ਕਹਿੰਦੇ ਹੋਣਗੇ ਅੱਖਾਂ ’ਤੇ 

ਫੁੱਲਾਂ ਤੇਰੇ ਬੁੱਲ੍ਹਾਂ ਤੇ ਕਹੀ ਹੋਵੇਗੀ

‘ਸੰਧੂ’ ਚੰਨ ਵੀ ਵੇਖ ਕੇ ਤੇਰੇ ਮੁੱਖੜੇ ਨੂੰ 

ਇੱਕ ਵਾਰੀ ਤੇ ਤੌਬਾ ਕਰ ਲਈ ਹੋਵੇਗੀ

📝 ਸੋਧ ਲਈ ਭੇਜੋ