ਕਿਸੇ ਨਾ ਮੈਨੂੰ ਢੋਲ ਵਜਾ ਕੇ

ਸਾਂਗ ਬਣਾ ਕੇ

ਨੱਚਦਾ ਨੱਚਦਾ

ਹਨੂਮਨ ਦੇ

ਮੰਦਰ ਨੂੰ ਲੈ ਜਾਣਾ ਸੁੱਖਿਆ

ਨਾ ਹੀ ਸੁੱਖੀ

ਕਿਸੇ ਮਟੀ ਤੇ

ਲੱਡੂ ਵੰਡ ਤੜਾਗੀ ਪਾਉਣੀ

ਨਾ ਹੀ ਕਿਸੇ ਚੁਰਸਤੇ ਦੇ ਵਿਚ

ਕੁੱਕੜ ਦੀ ਕੁਰਬਾਨੀ ਦੇ ਕੇ 

ਟੂਣਾ ਕੀਤਾ

ਨਾ ਹੀ ਦੀਵਾਲੀ ਦੀ ਰਾਤੇ

ਮੜ੍ਹੀਆਂ ਦੇ ਵਿਚ

ਨ੍ਹਾ ਕੇ

ਘੁੱਟ ਲਹੂ ਦਾ ਪੀਤਾ

ਮੇਰੇ ਉੱਤੇ

ਸ਼ਿਵ-ਲਿੰਗ ਆਪੇ ਮਿਹਰਬਾਨ ਸੀ

ਮੈਂ ਆਇਆ ਹਾਂ

ਰੱਬ ਦੀ ਕਰਨੀ

ਤੇ ਜਾਂ ਆਪਣੀ ਹਿੱਕ ਦੇ ਜ਼ੋਰ

ਮੈਨੂੰ ਪਤਾ ਹੈ

ਮੈਂ ਕਈਆਂ ਨੂੰ ਚਿੰਤਾ ਪਾਈ

ਤੰਗ ਕੀਤਾ ਹੈ

ਮੈਂ ਇਸ ਦੁਨੀਆ ਦੇ ਸੰਜਮ ਨੂੰ

ਭੰਗ ਕੀਤਾ ਹੈ

ਤੇ ਹੈ ਮੇਰੇ ਲਈ ਤਿਆਰ

ਵਿਹੁ ਵਿਲਸੀ

ਨਫ਼ਰਤ ਦਾ ਪਰਚਾਰ

ਕਹਿਰੀ ਜ਼ਹਿਰੀ

ਬੰਬਾਂ ਦੇ ਅੰਬਾਰ

ਫਰਜ਼ਾਂ ਗ਼ਰਜ਼ਾਂ ਮਰਜ਼ਾਂ ਦਾ ਜੰਜਾਲ

ਮੈਂ ਹਾਂ ਇਕ ਸੁਆਲ ਜਗ ਦੇ ਨੇਤਾ

ਜਿਸਨੂੰ ਹੱਲ ਕਰਨ ਲਈ ਹੁੰਦੇ

ਰਾਤ ਦਿਨੇ ਹਾਲੋਂ ਬੇਹਾਲ

ਮੇਰੇ ਉੱਤੇ ਨਹੀਂ ਕਿਸੇ ਦਾ 

ਕੋਈ ਵੀ ਅਹਿਸਾਨ 

ਮੈਨੂੰ ਆਪ ਸੋਚਣਾ ਪੈਣਾ 

ਕੀ ਕਰਨੀ ਹੈ ਆਪਣੀ ਜਾਨ

ਮੈਥੋਂ ਸ਼ਾਇਦ ਹੋ ਨਾ ਸੱਕੇ

ਕਿਸੇ ਤੁਹਾਡੇ ਧਰਮ ਦੀ ਸੇਵਾ 

ਕਿਸੇ ਤੁਹਾਡੀ ਸ਼ਰਮ ਦੀ ਸੇਵਾ 

ਮੈਂ ਬੇਲੋੜਾ

ਮਨਮਤੀਆ ਹਾਂ

ਸਾਦ ਮੁਰਾਦਾ

ਮੈਥੋਂ ਕੋਈ

ਪਾਲ ਨਹੀਂ ਹੋਣ ਮਰਿਯਾਦਾ

ਮੈਂ ਹੋਵਾਂਗਾ ਆਪ ਮੁਹਾਰ 

ਦੋਸ਼ ਦਿਉ ਨਾ 

ਭਲਕੇ ਜੇਕਰ ਅੜ ਬੈਠਾ ਮੈਂ 

ਕਿਸੇ ਨਕਾਰੀ ਗੱਲ 'ਤੇ ਕੇ 

ਰਹਿ ਨਾ ਸਕਿਆ ਆਗਿਆਕਾਰ

📝 ਸੋਧ ਲਈ ਭੇਜੋ