ਇਹ 'ਵਾਜ ਅਲਾਹ ਦੇ ਪਿਆਰ ਦੀ ਵੇ ਅੜਿਆ, 

ਪਈ ਹਾ ਦੇ ਨਾਅਰੇ ਮਾਰਦੀ ਵੇ ਅੜਿਆ।

ਭੈਅ ਸੀਨੇ ਚੜ੍ਹਿਆ ਰੁੱਖਾਂ ਦਾ 

ਘੂਰੇ ਕਟਕ ਮਨੁੱਖਾਂ ਦਾ 

ਪਿਆ ਵੱਜੇ ਨਗਾਰਾ ਦੁੱਖਾਂ ਦਾ,

ਸੁਣੇ ਮਿੱਠੀ ਹੇਕ ਬਹਾਰ ਦੀ ਵੇ ਅੜਿਆ 

ਇਹ 'ਵਾਜ ਅਲਾਹ ਦੇ ਪਿਆਰ ਦੀ ਵੇ ਅੜਿਆ॥੧॥

ਕਿਸੇ ਦੱਬਿਆ ਗਜ਼ਬ ਦੀਵਾਰਾਂ ਵਿਚ 

ਕੋਈ ਅੱਥਰੂ ਦਿਸੇ ਹਜ਼ਾਰਾਂ ਵਿਚ

ਕੋਈ ਸਾਇਆ ਫਿਰੇ ਬਜ਼ਾਰਾਂ ਵਿਚ, 

ਇਕ ਅਰਜ਼ ਕੂੰਜਾਂ ਦੀ ਡਾਰ ਦੀ ਵੇ ਅੜਿਆ

ਇਹ 'ਵਾਜ ਅਲਾਹ ਦੇ ਪਿਆਰ ਦੀ ਵੇ ਅੜਿਆ ॥੨॥

ਇਸ ਅਧਰੈਣੀ ਦੀ ਛਾਂ ਥੱਲੇ

ਕੋਈ ਹੌਕਾ ਕਿਸੇ ਦੇ ਨਾਂ ਥੱਲੇ

ਕੋਈ ਸਾਜ਼ਿਸ਼ ਖੜੀ ਝਨਾਂ ਥੱਲੇ,

ਕੋਈ ਸੈਨਤ ਕਰਦਾ ਪਾਰ ਦੀ ਵੇ ਅੜਿਆ

ਇਹ 'ਵਾਜ ਅਲਾਹ ਦੇ ਪਿਆਰ ਦੀ ਵੇ ਅੜਿਆ॥੩॥

ਕੋਈ ਲੰਮੀ ਨਦੀ ਹਜ਼ੂਰ ਤੋਂ 

ਹੋ ਨਾਜ਼ਕ ਸਹਿਮ ਸਰੂਰ ਤੋਂ 

ਕਿਸੇ ਤਾਰ ਮਹੀਨ ਦੇ ਨੂਰ ਤੋਂ,

ਪਈ ਸੁੱਟੇ ਝਲਕ ਦੀਦਾਰ ਦੀ ਵੇ ਅੜਿਆ

ਇਹ 'ਵਾਜ ਅਲਾਹ ਦੇ ਪਿਆਰ ਦੀ ਵੇ ਅੜਿਆ ॥੪॥

ਕਿਉਂ ਨਨਕਾਣੇ ਦੇ ਰਾਹ ਉੱਤੋਂ 

ਬਹਿ ਰੋਂਦੀ ਹਵਾ ਕੋਈ ਉੱਤੋਂ 

ਕੋਈ ਤਾਰਾ ਚੜ੍ਹੇ ਗੁਨਾਹ ਉੱਤੋਂ,

ਚੁੰਝ ਚਿੜੀ ਦੀ ਵਾ ਕਿਲਕਾਰਦੀ ਵੇ ਅੜਿਆ

ਇਹ 'ਵਾਜ ਅਲਾਹ ਦੇ ਪਿਆਰ ਦੀ ਵੇ ਅੜਿਆ॥੫॥

📝 ਸੋਧ ਲਈ ਭੇਜੋ