ਵਾਰ ਗੁਰੂ ਗੋਬਿੰਦ ਸਿੰਘ ਜੀ

(ਪੀਰ ਬੁਧੂ ਸ਼ਾਹ ਦੀ ਜ਼ਬਾਨੀ)

ਜਦੋਂ ਵੇਖਿਆ ਬੁੱਧੂ ਸ਼ਾਹ ਨੇ ਚਿਹਰਾ ਨੂਰਾਨੀ

ਉਸ ਆਖਿਆ ਦੁਨੀਆਂ ਵਾਲਿਓ ਇਹ ਜੋਤ ਰੱਬਾਨੀ

ਇਹ ਪੁਤਰ ਗੁਜਰੀ ਮਾਤ ਦਾ ਪੁਤਰਾਂ ਦਾ ਦਾਨੀ

ਇਹ ਚੁਣ ਚੁਣ ਮਾਰ ਮੁਕਾਏਗਾ ਜ਼ਾਲਮ ਅਭਿਮਾਨੀ

ਇਸ ਕਰਨੀ ਏਂ ਸੰਸਾਰ ਤੇ ਏਨੀ ਕੁਰਬਾਨੀ

ਇਹਦਾ ਸਾਨੀ ਕੋਈ ਨਾ ਹੋਏਗਾ ਇਹ ਪੀਰ ਲਾਸਾਨੀ

ਇਸ ਹੋਣ ਨਹੀਂ ਦੇਣੀ ਜੱਗ ਤੇ ਜਨਤਾ ਦੀ ਹਾਨੀ

ਇਕ ਸਾਂਝਾ ਧਰਮ ਚਲਾਏਗਾ ਇਹ ਧਰਮ ਦਾ ਬਾਨੀ

ਇਹਦੀ ਤੇਗ ਦਾ ਪਾਣੀ ਭਰੇਗੀ ਬਿਜਲੀ ਅਸਮਾਨੀ

ਤੇ ਗਰਦਸ਼ ਘੇਰਾ ਖਾਏਗੀ ਇਹਦੀ ਵੇਖ ਰਵਾਨੀ

ਹੁਣ ਤੀਰਾਂ ਦੇ ਸਾਹ ਸੂਤਣੇ ਇਹਦੀ ਕੋਮਲ ਕਾਨੀ

ਇਹ ਜਲਵਾ ਨਾਨਕ ਗੁਰੂ ਦਾ ਪਰਤੱਖ ਨਿਸ਼ਾਨੀ

ਇਸ ਅੰਮ੍ਰਿਤ ਘੁਟ ਪਿਆਲ ਕੇ ਕੌਤਕ ਵਰਤਾਣੇ

ਕਈ ਜੀਵਣ ਜੋਗੇ ਮਰਨਗੇ ਫਿਰ ਹਾਸੇ ਭਾਣੇ

ਉਹ ਹੱਸ ਹੱਸ ਗੋਲੀਆਂ ਖਾਣਗੇ ਜਿਉਂ ਖੰਡ ਮਖਾਣੇ

ਇਹ ਤੇਗ ਬਹਾਦਰ ਪਿਤਾ ਦੇ ਹਨ ਹੁਕਮ ਬਜਾਣੇ

ਇਸ ਤੇਗ ਚਲਾ ਕੇ ਜੁਲਮ ਦੇ ਅੰਧੇਰ ਮਿਟਾਣੇ

ਇਹਦੀ ਤੇਗ ਦਾ ਪਾਣੀ ਭਰਨਗੇ ਕਈ ਰਾਜੇ ਰਾਣੇ

ਤੇ ਭੀਖਮ ਸ਼ਾਹ ਵੀ ਏਸ ਦੇ ਹਨ ਸੋਹਲੇ ਗਾਣੇ

ਇਹਨੂੰ ਉੱਚ ਦਾ ਪੀਰ ਬਣਾਣਗੇ ਪਾ ਨੀਲੇ ਬਾਣੇ

ਇਸ ਪੰਜ ਪਿਆਰੇ ਸਾਜ ਕੇ ਪੰਚਾਇਤ ਸਜਾਣੀ

ਇਸ ਪੰਜ ਤੱਤ ਦੇ ਪੁਤਲੇ ਦੀ ਸ਼ਾਨ ਵਧਾਣੀ

ਇਸ ਹੱਥ ਦੇ ਪੰਜੇ ਵਾਂਗਰਾਂ ਹੈ ਸਾਂਝ ਬਣਾਣੀ

ਇਹਨੇ ਭਾਣੇ ਦੇ ਵਿਚ ਰਹਿੰਦਿਆਂ ਕਰਨੀ ਮਨਭਾਣੀ

ਇਸ ਅੱਥਰੀ ਗਰਦਸ਼ ਚਲਦੀ ਪਿਛੇ ਪਰਤਾਣੀ

ਇਸ ਯੋਧੇ ਆਪਣੇ ਖੂਨ ਦੀ ਹੈ ਨਦੀ ਵਗਾਣੀ

ਹੈ ਆਉਣਾ ਇਸ ਮਲਾਹ ਦੇ ਫਿਰ ਗਲ ਗਲ ਪਾਣੀ

ਪਰ ਅੱਖੀਆਂ ਦੇ ਵਿਚ ਏਸਦੇ ਨਹੀਂ ਆਉਣਾਂ ਪਾਣੀ

ਇਸ ਰਣ ਵਿਚ ਹੱਥੀਂ ਤੋਰਨੇ ਪੁਤਰ ਬਿਨ ਪਾਣੀ

ਪਰ ਖੂਨ ਦੇ ਪਿਆਸੇ ਵੈਰੀਆਂ ਮੂੰਹ ਚੋਣਾ ਪਾਣੀ

ਇਸ ਜ਼ੁਲਮ ਪਾਪ ਦੀ ਜੱਗ ਚੋਂ ਹੈ ਅਲਖ ਮੁਕਾਣੀ

ਪਰ ਲਹੂ ਨਾਲ ਇਹ ਲਿਖ਼ੇਗਾ ਇਕ ਅਮਰ ਕਹਾਣੀ

ਇਸ ਪਿਆਰ ਨਾਲ ਹਨ ਪੂਰਨੇ ਮਜ਼ਹਬ ਦੇ ਪਾੜੇ

ਇਸ ਇਕੋ ਜਗ੍ਹਾ ਬਿਠਾਲਨੇ ਤਕੜੇ ਤੇ ਮਾੜੇ

ਇਸ ਪੈਣ ਨਹੀਂ ਦੇਣੇ ਦਿਲਾਂ ਤੇ ਡਾਕੇ ਤੇ ਧਾੜੇ

ਇਹ ਠੰਡ ਦਿਲਾਂ ਵਿਚ ਪਾਏਗਾ ਸਾੜੇਗਾ ਸਾੜੇ

ਹੁਣ ਲੱਖਾਂ ਚੋਂ ਨਹੀਂ ਭੜਕਦੇ ਖੂਨੀ ਚੰਗਿਆੜੇ

ਹੁਣ ਬਿਜਲੀ ਸਾੜ ਨਹੀਂ ਸਕਣੇ ਜੱਟ ਦੇ ਖਲਵਾੜੇ

ਹੁਣ ਹੀਰੇ ਲੁੱਟ ਨਹੀਂ ਸਕਣੇ ਕਿਸੇ ਭੰਗ ਦੇ ਭਾੜੇ

ਹੁਣ ਸ਼ੀਹਾਂ ਪਾੜ ਨਹੀਂ ਸਕਣੇ ਭੇਡਾਂ ਦੇ ਵਾੜੇ

ਇਸ ਚਾਰਾਗਰ ਬੇਚਾਰਿਆਂ ਦੇ ਕਰਨੇ ਚਾਰੇ

ਇਸ ਇਕੋ ਜਿਹੇ ਬਨਾਵਨੇ ਇਹ ਵਰਨ ਜੋ ਚਾਰੇ

ਇਸ ਕਹਿਣਾ 'ਪਸ਼ੂਆਂ ਵਾਂਗ ਕੋਈ ਬੰਦੇ ਨਾ ਚਾਰੇ'

ਇਹ ਨੂਰੋ ਨੂਰ ਬਣਾਏਗਾ ਫਿਰ ਕੂਟਾਂ ਚਾਰੇ

ਜਾਂ ਮਰਦੇ ਵੇਖੇ ਇਸਨੇ ਬੇਬੱਸ ਬੇਚਾਰੇ

ਇਸ ਹੀਰੇ ਪੁਤਰ ਵਾਰਨੇ ਚਾਰੇ ਦੇ ਚਾਰੇ

ਇਸ ਬੇਪਰਵਾਹ ਤੇ ਆਏਗਾ ਇਕ ਐਸਾ ਵੇਲਾ

ਇਹਦੇ ਗਿਰਦੇ ਕੁਲ ਮੁਸੀਬਤਾਂ ਨੇ ਲਾਣਾ ਮੇਲਾ

ਇਹ ਬਾਨੀ ਇਨਕਲਾਬ ਦਾ ਇਹ ਸੱਜਣ ਸੁਹੇਲਾ

ਇਹ ਵੀਰ ਦਿਲਾਂ ਦੀ ਫਸਲ ਤੋਂ ਲਾਹੇਗਾ ਤੇਲਾ

ਇਹ ਪਿਆਰ ਨਾਲ ਮਹਿਕਾਏਗਾ ਕੁਲ ਜੰਗਲ ਬੇਲਾ

ਇਹ ਮੌਲਾ ਪਾਕ ਹਬੀਬ ਹੈ ਬਾਂਕਾ ਅਲਬੇਲਾ

ਇਹ ਪੀਰਾਂ ਦਾ ਵੀ ਪੀਰ ਹੈ ਇਹਦਾ ਨੂਰ ਨਵੇਲਾ

'ਮੁਸ਼ਤਾਕ' ਜ਼ਮਾਨਾ ਗਾਏਗਾ ਆਣਾ ਉਹ ਵੇਲਾ

ਵਾਹ ਪ੍ਰਗਟਿਉ ਮਰਦ ਅਗੰਮੜਾ ਵਰਿਆਮ ਇਕੇਲਾ

ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ

📝 ਸੋਧ ਲਈ ਭੇਜੋ