ਵਾਰ ਕੇ ਮਿਰਚਾਂ ਚਾਰ ਵੇ ਬਾਬੂ
ਨਜ਼ਰਾਂ ਦੇਵਾਂ ਉਤਾਰ ਵੇ ਬਾਬੂ,
ਸ਼ਾਲਾ ! ਸਾਡੀ ਜੇ ਸੁਣ ਲੈ ਰੱਬ
ਹਿੱਸੇ ਆ ਜੇ ਪਿਆਰ ਵੇ ਬਾਬੂ,
ਲਿਖਤਾਂ ਵਿਚ ਇਸ਼ਾਰਾ ਸਮਝੀ
ਜਰੂਰੀ ਨਹੀ ਇਜਹਾਰ ਵੇ ਬਾਬੂ,
ਇੱਕ ਪੰਜਾਬ ਦੀ ਖੁਸ਼ਬੂ ਆਉਂਦੀ
'ਤੇ ਸਾਂਝਾ ਸਾਂਦਲਬਾਰ ਵੇ ਬਾਬੂ,
ਮਰਦੇ ਮਰਦੇ ਮਸਾਂ ਬਚੇ ਹਾਂ
ਧਿਆ ਕੇ ਪਰਵਦਗਾਰ ਵੇ ਬਾਬੂ,
ਧੀ ਦਾ ਸਿਰ ਕਿਓਂ ਨੀਵਾ ਹੋਵੇ
ਕਿਓਂ ਕੋਈ ਸਮਝੇ ਭਾਰ ਵੇ ਬਾਬੂ,
ਜਿਸ ਦਿਨ ਮਾਂ ਸੀ ਤੁਰਗੀ ਮੇਰੀ
ਉਸ ਦਿਨ ਹੋਈ ਹਾਰ ਵੇ ਬਾਬੂ,
300 ਲੈ ਕੇ ਘਰ ਨੂੰ ਮੁੜਿਆਂ
ਜਿਸਦੀਆ ਧੀਆਂ ਚਾਰ ਵੇ ਬਾਬੂ,
ਕਵਿਤਾ ਜੇਕਰ ਸਕੀ ਹੁੰਦੀ ਤਾਂ
ਰਹਿੰਦੀ ਤਾਅਬੇਦਾਰ ਵੇ ਬਾਬੂ,
ਲੈ ਹੁਣ ਝਗੜਾ ਮੁੱਕਾ ਸਮਝੀਂ
ਉੱਠ ਚੱਲੇ ਗਵਾਢੋਂ ਯਾਰ ਵੇ ਬਾਬੂ ।