ਵਾਰ ਰਾਣਾ ਪ੍ਰਤਾਪ

੧.

ਜਦੋਂ ਹੱਥਲ ਹੋ ਕੇ ਬਹਿ ਗਈਆਂ, ਸਭੇ ਚਤਰਾਈਆਂ

ਜਦੋਂ ਐਸਾਂ ਦੇ ਵਿਚ ਰੁੜ੍ਹ ਗਈਆਂ, ਕੁਲ ਸੂਰਮਤਾਈਆਂ

ਜਿਨ੍ਹਾਂ ਜੰਮੇ ਪੁੱਤ ਚੁਹਾਨ ਜਹੇ, ਅਤੇ ਊਦਲ ਭਾਈਆਂ

ਜਦੋਂ ਤੁਰ ਪਈਆਂ ਹਿੰਦੁਸਤਾਨ ਚੋਂ, ਉਹ ਅਣਖੀ ਮਾਈਆਂ

ਜਦੋਂ ਸੂਰਮਿਆਂ ਦੀਆਂ ਪੈ ਗਈਆਂ, ਠੰਢੀਆਂ ਗਰਮਾਈਆਂ ।੧।

੨.

ਤਦੋਂ ਦਿਲੀ ਮਾਰ ਚੁਗੱਤਿਆਂ, ਧੁੰਮਾਂ ਪਾਈਆਂ

ਉਨ੍ਹਾਂ ਭਾਰਤ ਵਰਸ਼ ਲਤਾੜਿਆ, ਚੜ੍ਹ ਮੁਗ਼ਲ ਸਿਪਾਹੀਆਂ

ਅਕਬਰ ਬੈਠਾ ਤਖਤ ਤੇ, ਲੜ ਕਈ ਲੜਾਈਆਂ

ਉਨ ਥਾਂ ਥਾਂ ਪਾਈਆਂ ਛਾਉਣੀਆਂ, ਗੜ੍ਹੀਆਂ ਬਣਵਾਈਆਂ

ਉਨ ਬੱਧਾ ਹਿੰਦੁਸਤਾਨ ਨੂੰ, ਕਰਕੇ ਪਕਿਆਈਆਂ

ਉਨ ਫੜ ਲਏ ਸਾਰੇ ਚੌਧਰੀ, ਜਿਨ੍ਹਾਂ ਧੌਣਾਂ ਚਾਈਆਂ

ਉਨ ਡੋਲੇ ਮੰਗੇ ਦੇਸ਼ ਤੋਂ, ਪੈ ਗਈਆਂ ਦੁਹਾਈਆਂ

ਕਿਸਮਤ ਫੁਟੀ ਹਿੰਦ ਦੀ, ਪੈ ਗਈਆਂ ਫਾਹੀਆਂ

ਪਰ ਅੱਗੇ ਵੇਖੋ ਕਿਸ ਤਰ੍ਹਾਂ, ਗੱਲਾਂ ਬਣ ਆਈਆਂ ।੨।

੩.

ਧੁਰ ਕਸ਼ਮੀਰੋਂ ਲੈ ਕੇ, ਧੁਰ ਤੋੜ ਬੰਗਾਲੇ

ਕੋਈ ਆਕੀ ਪੁੱਤ ਨਾ ਰਹਿ ਗਿਆ, ਜੇਹੜਾ ਚੁਕੇ ਭਾਲੇ

ਉਨ ਖੁਸਰੇ ਕਰ ਬਠਾਲ ਲਏ, ਕਈ ਮੁੱਛਾਂ ਵਾਲੇ

ਉਹਦੇ ਬਣ ਬੈਠੇ ਕਈ ਸੌਹਰੇ, ਕਈ ਬਣ ਗਏ ਸਾਲੇ

ਇਕ ਰਹਿ ਗਿਆ ਸ਼ੇਰ ਮੇਵਾੜ ਦਾ, ਉਹ ਵਾਂਗ ਹਿਮਾਲੇ ।੩।

੪.

ਉਨ ਵੇਖਿਆ ਆਪਣੇ ਦੇਸ਼ ਨੂੰ, ਤਕ ਆਲ ਦਵਾਲੇ

ਉਹ ਬੱਝਾ ਸੀ ਵਿਚ ਸੰਗਲਾਂ, ਵੱਜ ਚੁੱਕੇ ਤਾਲੇ

ਉਨ ਵੇਖੇ ਸਾਰੇ ਛੱਤਰੀ, ਪਏ ਪੁੱਠੇ ਚਾਲੇ

ਛਡ ਬੈਠੇ ਮੁੱਠ ਤਲਵਾਰ ਦੀ, ਬਣ ਬੈਠੇ 'ਲਾਲੇ'

ਉਨ ਵੇਖੀ ਕਿਸਮਤ ਦੇਸ਼ ਦੀ, ਪਈ ਦਲਦੀ ਦਾਲੇ

ਉਹ ਰੋਇਆ ਆਪਣੇ ਵਤਨ ਤੇ, ਭਰ ਨੈਣ-ਪਿਆਲੇ

ਉਨ ਸੌਂਹ ਚੁੱਕੀ ਮਹਾਂਦੇਵ ਦੀ, ਰਖ ਤੇਗ ਵਿਚਾਲੇ

ਉਨ ਆਖਿਆ ਭੋਲੇ ਨਾਥ ਨੂੰ : 'ਹੇ ਨਾਗਾਂ ਵਾਲੇ !

ਮੈਂ ਮਰ ਜਾਂ ਆਪਣੇ ਦੇਸ਼ ਤੋਂ, ਜਿੰਦ ਦੇਸ਼ ਹਵਾਲੇ

ਮੈਂ ਮਰ ਜਾਂ ਆਪਣੇ ਦੇਸ਼ ਤੋਂ, ਲੜ ਹਾੜ ਸਿਆਲੇ

ਮੈਂ ਜਦ ਤਕ ਲਵਾਂ ਚਤੌੜ ਨਾ, ਉਸ ਦਿਨ ਤਕ ਹਾਲੇ

ਮੈਂ ਪਲੰਘੀਂ ਸੌਣਾਂ ਛੱਡਿਆ, ਤੇ ਜ਼ਰੀ ਦੁਸ਼ਾਲੇ

ਮੈਂ ਛੱਡੀਆਂ ਸਭੋ ਇਸ਼ਰਤਾਂ, ਤੇ ਜੀ ਸੁਖਾਲੇ

ਮੈਂ ਸੱਜੇ ਹੱਥ ਨਾਲ ਖਾਵਣਾ, ਛੱਡ ਦਿੱਤਾ ਹਾਲੇ'

ਉਸ ਬਚਨ ਕੀਤੇ ਪ੍ਰਤਾਪ ਦੇ, ਪਰ ਕਰ ਕੇ ਪਾਲੇ

ਉਸ ਕਰ ਕੇ ਤੇਗਾਂ ਨੰਗੀਆਂ, ਦੋ ਹੱਥ ਵਖਾਲੇ ।੪।

੫.

ਦਿਲੀ ਖਬਰਾਂ ਪੁਜੀਆਂ, 'ਵਿੱਚ ਰਾਜਸਥਾਨੇ

ਇਕ ਆਕੀ ਪੁਤਰ ਜੰਮਿਆਂ, ਸੰਗਰਾਮ ਘਰਾਣੇ

ਉਨ ਬੀੜੇ ਚੁਕੇ ਲੜਨ ਦੇ, ਹਥ ਬੱਧੇ ਗਾਨੇ

ਉਹ ਬਣ ਗਿਆ ਸ਼ਮ੍ਹਾਂ ਮੇਵਾੜ ਦੀ, ਗਿਰਦੇ ਪ੍ਰਵਾਨੇ

ਉਨ ਪੁਟੀਆਂ ਸਭੇ ਚੌਂਕੀਆਂ, ਤੇ ਮੁਗ਼ਲੀ ਠਾਣੇ

ਉਨ ਕੀਤੇ ਬੰਦ ਚੁਫੇਰਿਓਂ, ਦੇਣੇ ਨਜ਼ਰਾਨੇ

ਉਨ ਛਾਂਟਾ ਮਾਰ ਕੇ ਲੁਟ ਲਏ, ਕਈ ਸ਼ਾਹੀ ਖ਼ਜ਼ਾਨੇ

ਉਹ ਦਿਲੀ ਲੈਣੀ ਚਾਂਹਵਦਾ, ਕਿਸੇ ਜੰਗ ਬਹਾਨੇ

ਉਨ ਕੀਤਾ ਮੂੰਹ ਚਤੌੜ ਨੂੰ, ਹਾਥੀ ਮਸਤਾਨੇ

ਜੇ ਬੰਦੋਬਸਤ ਨਾ ਹੋਇਆ, ਹੇ ਸ਼ਾਹਾ ਦਾਨੇ !

ਉਹ ਝੁਲ ਜਾਊ ਵਾਂਗ ਹਨੇਰੀਆਂ, ਕੁਲ ਹਿੰਦੁਸਤਾਨੇ' ।੫।

੬.

ਅਕਬਰ ਖਬਰਾਂ ਸੁਣੀਆਂ, ਬਲ ਭਾਂਬੜ ਉੱਠੇ

ਉਨ ਖਿਚੀ ਤੇਗ਼ ਮਿਆਨ ਚੋਂ, ਫੜ ਸੱਜੀ ਮੁੱਠੇ

ਉਨ ਆਖਿਆ, 'ਪੁਤ੍ਰ ਮੁਗ਼ਲ ਦਾ, ਕੋਈ ਸਭਾ ਚੋਂ ਉੱਠੇ

ਚੁਕੇ ਇਸ ਤਲਵਾਰ ਨੂੰ, ਚੜ੍ਹ ਜਾਏ ਉਸ ਗੁੱਠੇ

ਉਹ ਬੱਕਰਾ ਜੇਹੜਾ ਬੁੱਕਦਾ, ਫੜ ਉਸ ਨੂੰ ਕੁੱਠੇ

ਪਰ ਦਿਲੀ ਲੈ ਆਏ ਬੰਨ੍ਹ ਕੇ, ਪਾ ਸੰਗਲ ਪੁੱਠੇ' ।੬।

੭.

ਚਮਕੇ ਤੇਗ਼ ਅਲਾਣੀ, ਕੋਈ ਜੀ ਨਾ ਚਾਏ

ਉਹ ਸੱਪਣੀ ਹੋਈ ਅਵੇਸਲੀ, ਕੌਣ ਉਂਗਲ ਲਾਏ

ਉਹ ਸਿਧੀ ਪਰਚੀ ਮੌਤ ਦੀ, ਉਹਨੂੰ ਕੌਣ ਉਠਾਏ

ਉਹ ਸੁੱਤੀ ਕਲਾ ਚਿਰੋਕਣੀ, ਭਲਾ ਕੌਣ ਜਗਾਏ

ਜਿਨ੍ਹਾਂ ਮਾਰਿਆ ਕਿਲ੍ਹਾ ਚਤੌੜ ਦਾ, ਲਖ ਜਾਨ ਗਵਾਏ

ਉਹ ਚੰਗੀ ਤਰ੍ਹਾਂ ਸੀ ਜਾਣਦੇ, ਜਾਣਾਂ ਕਿਸ ਜਾਏ

ਤੇ ਪੈਣੇ ਕਿੱਥੇ ਮੁਕਾਬਲੇ, ਕੀਹਦੇ ਨਾਲ ਵਾਹ

ਉਥੇ ਵੱਡੀਆਂ ਮੁੱਛਾਂ ਵਾਲਿਆਂ, ਸਿਰ ਨੀਵੇਂ ਪਾਏ

ਉਹ ਇਕ ਦੂਜੇ ਨੂੰ ਵੇਖਦੇ, ਪਏ ਅੱਖ ਚੁਰਾਏ

ਪਰ ਕੇਹੜਾ ਚੁਕੇ ਤੇਗ਼ ਨੂੰ, ਗਲ ਆਫ਼ਤ ਪਾਏ ।੭।

੮.

ਦੜ ਵੱਟੀ ਦਰਬਾਰੀਆਂ, ਅਕਬਰ ਵੱਟ ਖਾਧੇ

ਉਹ ਬੱਦਲ ਵਾਂਗੂ ਗੱਜਿਆ, ਮੁੱਛਾਂ ਨੂੰ ਤਾਅ ਦੇ

ਉਨ ਆਖਿਆ, 'ਹੈਫ਼ ਜਵਾਨੀਆਂ, ਤੁਸੀਂ ਤੁਰਕੀ ਕਾਹਦੇ

ਅਜ ਜੱਨਤ ਵਿਚੋਂ ਵੇਖਦੇ, ਤੁਹਾਡੇ ਪਿਉ ਦਾਦੇ

ਤੁਸੀਂ ਡਰਦੇ ਉਸ ਰਾਜਪੂਤ ਤੋਂ, ਬੈਠੇ ਦਮ ਸਾਧੇ'

ਇਹ ਬੋਲੀ ਲਗੀ ਜਿਗਰ ਨੂੰ, ਉਠ ਖੜੇ ਸ਼ਾਹਜ਼ਾਦੇ

ਫੜ ਲਈ ਤੇਗ਼ ਸਲੀਮ ਨੇ, ਚੁਕ ਬੀੜੇ ਖਾਧੇ

ਪਰ ਨਾਲ ਹੋਏ ਜੈ ਪੁਰੀਏ, ਰਖ ਨੀਚ ਇਰਾਦੇ ।੮।

੯.

ਨੌਬਤ ਵੱਜੀ ਜੰਗ ਦੀ, ਹੋ ਪਈ ਤਿਆਰੀ

ਚੜ੍ਹ ਫੌਜਾਂ ਦੌੜੀਆਂ ਦਿਲੀਓਂ, ਕਰ ਮਾਰੋ ਮਾਰੀ

ਉਹ ਚੜ੍ਹ ਪਈ ਮੁਗ਼ਲ ਸਪਾਹ ਕੁਲ, ਵੱਡੀ ਬਲਕਾਰੀ

ਜਿਨ ਮਾਰੇ ਕਿਲੇ ਚੁਫੇਰ ਦੇ, ਚੜ੍ਹ ਵਾਰੋ ਵਾਰੀ

ਉਨ੍ਹਾਂ ਹੱਥੀਂ ਲਿਸ਼ਕਣ ਬਰਛੀਆਂ, ਲੱਕ ਤੇਜ਼ ਕਟਾਰੀ

ਉਨ੍ਹਾਂ ਪਾ ਲਈਆਂ ਗਲੀਂ ਬੰਦੂਕਾਂ, ਫੜ ਤੋੜੇਦਾਰੀ

ਉਨ੍ਹਾਂ ਹਾਥੀ ਤੋਪੀਂ ਜੁਪ ਲਏ, ਪਾ ਸੰਗਲ ਭਾਰੀ

ਉਨ੍ਹਾਂ ਲਦ ਲਦ ਉੱਠ ਬਰੂਦ ਦੇ, ਲਾ ਲਏ ਅਗਾੜੀ

ਉਨ੍ਹਾਂ ਹੇਠਾਂ ਘੋੜੇ ਹਿਣਕਦੇ, ਪਾਉਂਦੇ ਘੁਮਕਾਰੀ

ਉਹ ਭੱਜਣ ਵਾਂਗ ਹਵਾ ਦੇ, ਪਏ ਲੈਣ ਉਡਾਰੀ

ਉਹ ਸੌ ਸੌ ਮੰਜ਼ਲਾਂ ਮਾਰ ਕੇ, ਕਿਤੇ ਖਾਣ ਨਿਹਾਰੀ

ਰਾਹੀਂ ਧੂੜਾਂ ਉਡੀਆਂ, ਛਾ ਗਈ ਗੁਬਾਰੀ

ਪਰ ਖੁਖਲ ਉਡ ਅਸਮਾਨ ਨੂੰ, ਚੜ੍ਹ ਚੱਲੀ ਸਾਰੀ ।੯।

੧੦.

ਰਾਣੇ ਸੁਣਿਆਂ ਗਈਆਂ, ਚੜ੍ਹ ਫੌਜਾਂ ਸ਼ਾਹੀ

ਉਨ ਆਖਿਆ, 'ਕਰੋ ਤਿਆਰੀਆਂ, ਝਟ ਵਾਹੋ ਦਾਹੀ

ਉਨ ਆਖਿਆ ਨਾਲੇ ਕਰ ਦਿਓ, ਸਾਰੇ ਸੁਣਵਾਈ

ਜਿਨ ਮਰਨਾ aਪਣੇ ਦੇਸ਼ ਤੇ, ਉਹ ਜਾਏ ਭਾਈ

ਕਲ ਸੋਨਾ ਪਰਖਿਆ ਜਾਵਣਾ, ਰਣ ਭੱਠੀ ਤਾਈ

ਕਲ ਅਣਖਾਂ ਵੇਖੀਆਂ ਜਾਣੀਆਂ, ਨਾਲੇ ਠਕੁਰਾਈ' ।੧੦।

੧੧.

ਘਰ ਘਰ ਚੜ੍ਹੀਆਂ ਲਾਲੀਆਂ, ਕੱਲ ਹੋਊ ਲੜਾਈ

ਲਾੜੇ ਬਣ ਬਣ ਨਿਕਲੇ, ਰਜਪੂਤ ਸਿਪਾਹੀ

ਭੈਣਾਂ ਗਾਈਆਂ ਘੋੜੀਆਂ, ਲਈ ਵਾਗ ਫੜਾਈ

ਉਹ ਥੰਮਾਂ ਵਰਗੇ ਸੂਰਮੇ, ਨੌਂ ਹੱਥ ਉਚਾਈ

ਉਨ੍ਹਾਂ ਅੱਖਾਂ ਸੰਖਾਂ ਵਰਗੀਆਂ, ਵਿਚ ਤੀਲੀ ਲਾਈ

ਉਨ੍ਹਾਂ ਲਾ ਲਾ ਤੇਲ ਨਰੇਲ ਦੇ, ਐਉਂ ਮੁੱਛ ਵਧਾਈ

ਜਿਉਂ ਦੁਸ਼ਮਣ ਫਾਂਸੀ ਲਾਉਣ ਨੂੰ, ਫਾਂਸੀ ਲਟਕਾਈ

ਉਹ ਸ਼ਕਲਾਂ ਸ਼ੇਰਾਂ ਵਰਗੀਆਂ, ਜਦੋਂ ਦੇਣ ਵਿਖਾਈ

ਡਰ ਹਾਥੀ ਚੀਕਾਂ ਮਾਰਦੇ, ਪਾ ਦੇਣ ਦੁਹਾਈ

ਉਨ੍ਹਾਂ ਮਣ ਮਣ ਲੋਹਾ ਕੁੱਟ ਕੇ, ਗਲ ਵਰਦੀ ਪਾਈ

ਉਨ੍ਹਾਂ ਖੰਡੇ ਬੰਨ੍ਹੇ ਲੱਕ ਨੂੰ, ਪਿੱਠ ਢਾਲ ਸਜਾਈ

ਉਨ੍ਹਾਂ ਧੌਂਸੇ ਕੁੱਟੇ ਆਉਂਦਿਆਂ, ਦੁਨੀਆਂ ਘਬਰਾਈ

ਹੋਣੀ ਕੱਢੀਆਂ ਦੰਦੀਆਂ, ਮੌਤ ਕਿਲਕਿਲੀ ਪਾਈ

ਉਹ ਲੜਨਾ ਮਰਨਾ ਜਾਣਦੇ, ਹੋਰ ਗੱਲ ਨਾ ਕਾਈ

ਪਰ ਵੇਖੋ ਕਿਹੜੇ ਮੈਦਾਨ ਵਿਚ, ਹੁਣ ਹੋਊ ਲੜਾਈ ।੧੧।

੧੨.

ਹਲਦੀ ਘਾਟੀ ਦੇ ਕੋਲ, ਦੋਵੇਂ ਦਲ ਕੇ ਲੱਥੇ

ਇਕ ਬੰਨੇ ਲਸ਼ਕਰ ਅਕਬਰੀ, ਵਡੇ ਸਮਰੱਥੇ

ਇਕ ਬੰਨੇ ਦਲ ਪ੍ਰਤਾਪ ਦੇ, ਸ਼ੇਰਾਂ ਦੇ ਜੱਥੇ

ਮਾਰੂ ਵੱਜਿਆ ਜੰਗ ਦਾ, ਭਿੜ ਚੱਲੇ ਮੱਥੇ

ਨਿਕਲੀਆਂ ਤੇਗ਼ਾਂ ਤਿਖੀਆਂ, ਤੀਰਾਂ ਦੇ ਦੱਥੇ

ਓਥੇ ਚੱਲੀ ਤੇਗ਼ ਨਿਸ਼ੰਗ ਹੋ, ਸਿਰ ਲੱਖਾਂ ਲੱਥੇ

ਓਹ ਰੁਲ ਗਏ ਵਿਚ ਮੈਦਾਨ ਦੇ, ਜਿਉਂ ਢਕਲੇ ਪੱਥੇ

ਪਰ ਧਰਤੀ ਹੋ ਗਈ ਰੰਗਲੀ, ਜਿਉਂ ਡੁਲ੍ਹੇ ਕੱਥੇ ।੧੨।

੧੩.

ਰੇਝੇ ਪਿਆ ਮਦਾਨ ਆਂ, ਜਿਉਂ ਦੇਗਾ ਗੜ੍ਹਕੇ

ਸੂਰਜ ਚੜ੍ਹਿਆ ਸਿਖਰ ਤੇ, ਲੱਖ ਗੋਲਾ ਕੜਕੇ

ਸੌ ਸੌ ਕੋਹ ਦੁਵੱਲਿਓਂ, ਪਈ ਧਰਤੀ ਧੜਕੇ

ਚੜ੍ਹਿਆ ਰੋਹ ਪ੍ਰਤਾਪ ਨੂੰ, ਅੱਗ ਨਿਕਲੀ ਸੜਕੇ

ਉਸ ਰਣ ਵਿਚ ਘੋੜਾ ਠੱਲ੍ਹਿਆ, ਹਥ ਨੇਜ਼ਾ ਫੜਕੇ

ਉਨ ਵਿੰਨ੍ਹ ਵਿੰਨ੍ਹ ਰੱਖੇ ਸੂਰਮੇ, ਫ਼ਲ ਠੋਕੇ ਜੜਕੇ

ਓਸ ਚੁਣ ਲਏ ਸਭ ਸਿਰ-ਕੱਢਵੇਂ, ਜਿਹੜੇ ਅੱਖੀਂ ਰੜਕੇ

ਰੌਲਾ ਪਿਆ ਮੈਦਾਨ ਵਿਚ, ਦੇਂਹ ਗਿਆ ਚੜ੍ਹਕੇ

ਅਜ ਵਿਰਲਾ ਮਾਂ ਦਾ ਲਾਡਲਾ, ਘਰ ਜਾਊ ਲੜਕੇ

ਓਥੇ ਤੀਰਾਂ ਛਾਵਾਂ ਕੀਤੀਆਂ, ਲਖ ਖੰਡਾ ਖੜਕੇ ।੧੩।

੧੪.

ਫ਼ੌਜਾਂ ਦੇ ਵਿਚ ਮਚ ਗਈ, ਭਾਰੀ ਤਰਥੱਲੀ

ਲਖ ਮੁਗ਼ਲਾਂ ਤੋਪਾਂ ਗੱਡੀਆਂ, ਪਰ ਪੇਸ਼ ਨਾ ਚੱਲੀ

ਓਥੇ ਬਿਜਲੀ ਵਾਂਗੂੰ ਚੱਲਦੀ, ਜਾਏ ਤੇਗ਼ ਨਾ ਠੱਲ੍ਹੀ

ਓਥੇ ਡਿਗ ਡਿਗ ਪੈਂਦੇ ਸੂਰਮੇ, ਹੋਈ ਮੌਤ ਸਵੱਲੀ

ਓਥੇ ਘੋੜਾ ਸਣੇ ਸਵਾਰ ਦੇ, ਜਾਏ ਧਰਤੀ ਮੱਲੀ

ਓਥੇ ਹਾਥੀ ਚੀਕਾਂ ਮਾਰਦੇ, ਖਾ ਸੱਟ ਕਵੱਲੀ

ਓਥੇ ਨਾਲੇ ਵਗਦੇ ਖੂਨ ਦੇ, ਪਏ ਜਾਣ ਝਬੱਲੀ

ਰਾਜਪੂਤ ਬਹਾਦਰਾਂ, ਪੈ ਫ਼ੌਜ ਦਬੱਲੀ

ਦਿਲ ਛੱਡੇ ਮੁਗ਼ਲ ਸਿਪਾਹੀਆਂ, ਪੈ ਭਾਜੜ ਚੱਲੀ

ਪਰ ਕਿਸਮਤ ਚੰਗੀ ਮੁਗ਼ਲ ਦੀ, ਗੱਲ ਹੋਈ ਸੁਖੱਲੀ

ਪੁਜੀ ਮੱਦਦ ਦਿਲੀਓਂ, ਅਕਬਰ ਦੀ ਘੱਲੀ

ਜਿਨ ਨੇਰ੍ਹੀ ਝੁਲੀ ਕਹਿਰ ਦੀ, ਮੁੜ ਕੇ ਠੱਲ੍ਹੀ ।੧੪।

੧੫.

ਦਿਨ ਡੁਬਿਆ ਤੇਗ਼ਾਂ ਵਾਹੁੰਦਿਆ, ਰਾਤਾਂ ਪਈਆਂ

ਦੋਹਾਂ ਧਿਰਾਂ ਦੇ ਸੂਰਿਆਂ, ਦੀਆਂ ਡੰਝਾਂ ਲਹੀਆਂ

ਪਏ ਤੜਫਨ ਘੈਲ ਬੇਓੜਕੇ, ਲਖ ਜਾਨਾਂ ਗਈਆਂ

ਖੱਫਣ ਬੰਨ੍ਹ ਬੰਨ੍ਹ ਠਾਕਰਾਂ, ਸ਼ਹੀਦੀਆਂ ਲਈਆਂ

ਰਾਣਾ ਨਿਕਲਿਆ ਲੜਦਿਆਂ, ਜਗ ਧੁੰਮਾਂ ਪਈਆਂ

ਮੁੜ ਜੁਰਤ ਨਾ ਹੋਈ ਮੁਗ਼ਲ ਨੂੰ, ਜੋ ਲੈਂਦਾ ਖਹੀਆਂ

ਪੂਰੀਆਂ ਕਰ ਵਿਖਾਲੀਆਂ, ਜੋ ਰਾਣੇ ਕਹੀਆਂ

ਲਦ ਗਏ 'ਹਜ਼ਾਰਿਆ' ਸੂਰਮੇ, ਜਗ ਬਾਤਾਂ ਰਹੀਆਂ ।੧੫।

📝 ਸੋਧ ਲਈ ਭੇਜੋ