ਵੈਣ ਸੁਣਨ ਜਦ ਜਾਵਾਂ ਅੱਗੇ 

ਰੋਹੀਆਂ ਵਿਚ ਹਲਾਹਲ ਵੱਗੇ 

ਵਿਚ ਕੰਦਰਾਵਾਂ ਵੱਜਣ ਡੱਗੇ 

ਖੂਹ 'ਤੇ ਅਜੇ ਵੀ ਦੀਵਾ ਜੱਗੇ

ਤਲਖ਼ ਹਵਾ ਦਾ ਪਿੰਡਾ ਚੀਰੇ 

ਸੁੰਨੀ ਜੂਹ ਦੀ ਹਾਸੀ ਵੋ।(1)

ਇਹ ਪੋਠੋਹਾਰ ਬਾਰਾਂ 

ਇਹ ਧਰਤੀ ਇਹ ਪਾੜਾਂ 

ਰੋਹੀਆਂ ਵਿਚ ਪਹਾੜਾਂ 

ਬਸ ਘੇਰਣ ਹੜ੍ਹ ਵਾਂਗ ਪੁਕਾਰਾਂ- 

ਅੱਥਰੂ ਆਉਣ ਅੱਖੀਆਂ ਦੇ ਵਿਚ

ਅਰਦਾਸ ਵਿਗਾਸੀ ਵੋ।(2)

ਕੰਦਰਾਂ ਦੀ ਅੱਖ ਖੁਲ੍ਹਦੀ ਜਾਵੇ 

ਹਉਂ ਮੁਸ਼ਰਿਕ ਦੀ ਝੁੱਲਦੀ ਜਾਵੇ 

ਬਾਂਗ ਨਮਾਜ਼ ਵੀ ਭੁੱਲਦੀ ਜਾਵੇ

ਧਰਤੀ ਦੀ ਪੱਤ ਰੁਲਦੀ ਜਾਵੇ !

ਸਭ ਰਾਹਾਂ 'ਤੇ ਪੈਰ ਸਾੜਦੇ

ਸੂਫ਼ੀ ਨਾਥ ਉਦਾਸੀ ਵੋ।(3)

ਸੁੱਕੇ ਬਾਗ਼ ਰਾਹਾਂ ਵਿਚ ਰੋਲੇ 

ਦੋਜ਼ਖ਼ ਦੇ ਸਾਹਾਂ ਵਿਚ ਘੋਲੇ।

ਧਰ ਦੇ ਅੰਨ੍ਹੇ ਨੈਣਾਂ ਕੋਲੇ

ਚੜ੍ਹਦੇ ਕਾਲੇ ਨਾਗ ਵਰੋਲੇ !

ਅੰਨ੍ਹਾ ਕਲਵੱਤ ਪੁੱਛ ਚੀਰੇ

ਜੂਨੀ ਲੱਖ ਚੁਰਾਸੀ ਵੋ।(4)

ਰੂਹ ਅਣਗਿਣਤ, ਖ਼ਾਕ ਜਾਣੇ 

ਖ਼ਾਬ ਮੇਰੇ ਬੇ-ਬੱਸ ਨਿਤਾਣੇ 

ਪਹੁੰਚਾਂ ਕਿਵੇਂ ਝੰਗ ਮਘਿਆਣੇ

ਰਾਹ ਮਿਟ ਜਾਂਦੇ ! ਕਰਾਂ ਕੀ ਮਾਣੇ

ਮੇਰੇ ਸਾਹ ਨੂੰ ਛੱਡ ਛੱਡ ਨੱਸੇ 

ਜਾਨ ਧਰਤ ਦੀ ਪਿਆਸੀ ਵੋ।(5)

ਮੇਰੇ ਹੱਥ ਚਰਖ ਨੇ ਚੀਰੇ 

ਕਿਤੇ ਕਾਫ਼ਲੇ ਗੁਫ਼ਾ 'ਚ ਪੀੜੇ— 

ਰੋਕਣ ਦਇਆਹੀਣ ਦਰ ਭੀੜੇ 

ਲਹੂ ਦੀ ਕਾਂਗ 'ਚ ਤੁਰਦੇ ਕੀੜੇ

ਮੇਰੇ ਸੁਪਨ ਹੀ ਵਿੰਨ੍ਹਦੀ ਭੈੜੀ

ਮੇਰੀ ਰਗ ਦੀ ਫਾਸੀ ਵੋ।(6)

ਸਭ ਦੀ ਭਟਕਣ ਹੌਲ ਜਗਾਵੇ 

ਕੋਟ ਕੋਹਾਂ ਤੋਂ ਫਾਹੀਆਂ ਪਾਵੇ 

ਰਗ ਫੜ ਸ਼ੋਰ ਦੀ ਕਾਗ ਉਡਾਵੇ 

ਦੀਪ ਬੁਝਾ ਕੇ ਮਾਸ ਖੁਆਵੇ। 

ਤਾਰਿਆਂ ਤੀਕਨ ਮੇਰੇ ਗੁਨਾਹ ਦੀ 

ਨਜ਼ਰ ਕਿਸੇ ਨੇ ਕਿਆਸੀ ਵੋ।(7) 

ਖੂਹ ਵਿਚ ਕੂਕ ਕਿਸੇ ਦੀ ਹੰਭੀ 

ਹੱਡੀਆਂ ਚੱਟ ਕੋਈ 'ਵਾ ਲੰਘੀ 

ਕੁੱਲ ਖਲਾ ਵਿਚ ਆਈ ਤੰਗੀ 

ਹੂੰਗਰ ਮਾਰ ਦੁਆ ਮੈਂ ਕੰਬੀ- 

ਚੂੰਡੇ ਰੋਹ ਵਿਚ ਸ਼ਾਹ ਰਗ ਮੇਰੀ 

ਥਲ ਦਾ ਕਾਗ ਨਿਵਾਸੀ ਵੋ।(8)

ਵੱਢੇ ਕਾਫ਼ਲੇ ਬਾਰ ਦੇ ਬੰਨੇ 

ਨੈਣ ਕਰੇ ਮਾਵਾਂ ਰੋ ਅੰਨ੍ਹੇ- 

ਸੁੱਕੇ ਬਾਗ਼ ਨਾ' ਮੈਂ ਸਿਰ ਭੰਨੇ 

ਦੇਸ ਆਇਮ ਪਰ ਕੁਈ ਮੰਨੇ

ਬ੍ਰਿਹਾ ਦੀ ਕੁਈ ਚੀਖ ਸੁਣੀ ਨ 

ਜ਼ਹਿਰ ਭਰੀ ਇਸ ਹਾਸੀ ਵੋ।(9)

📝 ਸੋਧ ਲਈ ਭੇਜੋ