ਵੈਣਾਂ ਦੀ ਰੁੱਤੇ ਵੀ ਕਿਧਰੇ ਹਾਸੇ ਦੀ ਕਿਲਕਾਰੀ ਹੈ।
ਘੁੱਪ ਹਨੇਰੀ ਸੁਰੰਗ 'ਚ ਜੀਕਣ ਚਾਨਣ ਦੀ ਇਕ ਬਾਰੀ ਹੈ।
ਰੇ ਮਨ ਸਾਧਾ ਜੰਗਲ ਬਾਝੋਂ ਹੁਣ ਕਿਧਰ ਨੂੰ ਜਾਵੇਂਗਾ,
ਸ਼ਹਿਰਾਂ ਦੇ ਵਿਚ ਭੀੜ ਬੜੀ ਹੈ, ਪਿੰਡਾਂ ਵਿਚ ਦੁਸ਼ਵਾਰੀ ਹੈ ।
ਇਹ ਬੋਲੀ ਜੋ ਪਲ ਪਲ ਆਪਣਾ ਅਰਥ ਬਦਲਦੀ ਰਹਿੰਦੀ ਹੈ,
ਇਸ ਬੋਲੀ ਨੂੰ ਸਮਝੋ ਯਾਰੋ, ਇਹ ਬੋਲੀ ਸਰਕਾਰੀ ਹੈ ।
ਇਸ ਨਗਰੀ ਵਿਚ ਕਿਸ ਨੂੰ ਆਪਣਾ ਰੱਬ ਬਣਾ ਕੇ ਪੂਜੇਂਗਾ,
ਏਥੇ ਤਾਂ ਹਰ ਬੰਦਾ ਆਪਣੇ ਆਪੇ ਤੋਂ ਇਨਕਾਰੀ ਹੈ ।
ਆਪਾਂ ਤਾਂ ਬਸ ਮਰਨ ਤਮਾਸ਼ਾ ਦੂਰ ਖਲੋ ਕੇ ਵੇਖਾਂਗੇ,
ਸੱਚ ਦੀ ਸੂਲੀ ਚੜ੍ਹ ਜਾਵਣ ਦੀ ਅੱਜ ‘ਕੇਸ਼ੀ' ਦੀ ਵਾਰੀ ਹੈ ।