ਵੈਰ ਪਾਣੀਆਂ ਕਮਾਇਆ ਜਾਂ ਪਿਆਸਿਆਂ ਦੇ ਨਾਲ।
ਅਸਾਂ ਜ਼ਿੰਦਗੀ ਨੂੰ ਤੋਰਿਆ ਦਿਲਾਸਿਆਂ ਦੇ ਨਾਲ।
ਤੁਸੀਂ ਸਾਂਭ ਰੱਖੋ ਮਹਿਕ ਵਾਲੇ ਰੰਗਲੇ ਗੁਲਾਬੀ,
ਸਾਥ ਅੱਕ ਹੀ ਨਿਭਾਉਣਗੇ ਚੁਮਾਸਿਆਂ ਦੇ ਨਾਲ।
ਤੇਰੇ ਸ਼ਹਿਰ ਦੇ ਬਾਜ਼ਾਰ ਵੇਖੀ ਵਿਕਦੀ ਜ਼ਮੀਰ,
ਕਿਤੇ ਤੋਲਿਆਂ ਦੇ ਨਾਲ, ਕਿਤੇ ਮਾਸਿਆਂ ਦੇ ਨਾਲ।
ਆਉ ਅੱਜ ਦੇ ਅਦੀਬ ਕੋਲੋਂ ਪੁੱਛੀਏ ਜਨਾਬ,
ਕਿਵੇਂ ਪੱਥਰਾਂ ਨੂੰ ਭੋਰੀਏ ਪਤਾਸਿਆਂ ਦੇ ਨਾਲ।
ਅਸੀਂ ਆਪ ਵੀ ਇਕੱਲੇ ਸਾਡੇ ਰਾਹ ਵੀ ਵੀਰਾਨ,
ਤੁਰੇ ਕੌਣ ਭਲਾ ਜੋਗੀਆਂ ਉਦਾਸਿਆਂ ਦੇ ਨਾਲ।
ਅੱਜ ਟੁਰ ਗਿਆ ਤਲੀ ਉਤੇ ਵੈਣ ਧਰ ਕੇ,
ਜਿਨ੍ਹੇ ਠੱਗਿਆ ਸੀ ‘ਕੇਸ਼ੀ' ਕਦੀ ਹਾਸਿਆਂ ਦੇ ਨਾਲ ।