[ਇਕ ਮਾਸੂਮ ਅਤੇ ਪਾਕ ਸੀਰਤ ਫ਼ਕੀਰ ਕੁੜੀ ਨੂੰ]

(1)

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ, 

ਸੂਰਜ ਸਿਖਰ ਦੁਪਹਿਰ ਦਾ, ਤੇਰੇ ਸ਼ਹਿਰ 'ਤੇ ਆਇਆ।

ਸਿਖਰ ਦੁਪਹਿਰ ਦੇ ਕੋਟ 'ਤੇ 

ਤੂੰ ਕੇਸ ਸੁਕਾਵੇਂ, 

ਸੁੱਕਾ ਸਤਲੁਜ ਡੁਸਕਦਾ 

ਤੇਰੀ ਫ਼ਜਰ ਦੀ ਛਾਵੇਂ,

ਵੱਡੇ ਤੜਕੇ ਥਲਾਂ ਵਿਚ, ਕੋਈ ਯਾਦ ਹੈ ਆਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਕਜਰਾ ਪਾਵਣ ਵਾਲੀਏ

ਤੇਰਾ ਕਵਣ ਮਹੀਨਾ ?

ਡੁੱਲ੍ਹਿਆ ਮੇਰੀ ਉਮਰ ਦਾ

ਤੇਰੇ ਆਂਗਣ ਚੀਨਾ।

ਤ੍ਰਬਕੇ ਲੰਮੇ ਸਿੰਧ ਤੋਂ, ਮੇਰੇ ਖੰਭ ਦਾ ਸਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਤਪਦੇ ਕੇਸੂ ਛੂਹਣ ਲਈ

ਵਲ ਰੋਹੀਆਂ ਜਾਵੇਂ,

ਮੰਗੂ ਮੇਰੇ ਦੂਰ ਨੇ

ਕਿਸੇ ਬ੍ਰਿਛ ਦੀ ਛਾਵੇਂ,

ਭੇਦ ਪੁਰਾਣਾ ਕਦੋਂ ਦਾ, ਵਲ ਪੱਤਣਾਂ ਚਾਇਆ,

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸਿਖਰ ਦੁਪਹਿਰ ਦੇ ਕੋਟ 'ਤੇ 

ਕਰ ਵੇਸ ਸੂਹਾ, 

ਸੁੱਕਿਆਂ ਖੂਹਾਂ ਸਾਹਮਣੇ 

ਮੇਰਾ ਕੰਬਦਾ ਬੂਹਾ,

ਸੁੰਞੀ ਜਿੰਦੜੀ ਕੂਕ ਕੇ, ਕੁੱਲ ਚਰਖ਼ ਤਪਾਇਆ,

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸਿਖਰ ਦੁਪਹਿਰ ਦੇ ਕੋਟ 'ਤੇ 

ਤੇਰਾ ਛਣਕੇ ਚੂੜਾ, 

ਰੱਬ ਦੀ ਮਿਹਰ ਹੋ ਉਤਰਿਆ

ਰੰਗ ਤਲੀ 'ਤੇ ਗੂੜ੍ਹਾ,

ਛਾਲੇ ਹੇਠਾਂ ਥਲਾਂ ਨੇ, ਕੋਈ ਵੇਸ ਬਣਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਕੇ ਭਰਿਆਂ ਤ੍ਰਿੰਝਣਾਂ 

ਵਿਚ ਖੇਡਣ ਰੈਣਾਂ,

ਸਿਖਰ ਦੁਪਹਿਰ ਦੇ ਕੋਟ ਤੋਂ 

ਰੋ ਤੱਕਿਆ ਨੈਣਾਂ,

ਸ਼ੁਤਰ-ਸੁਆਰ ਦੀ ਤਲਬ ਨੂੰ, ਵਿਚ ਕਜਰੇ ਪਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸਿਖਰ ਦੁਪਹਿਰ ਦੇ ਕੋਟ 'ਤੇ

ਤੇਰਾ ਭਖਦਾ ਸਾਲੂ, 

ਸੁੰਨਾ ਸਤਲੁਜ ਚਿਰਾਂ ਦਾ

ਪਏ ਉੱਡਦੇ ਬਾਲੂ,

ਨਾਲ ਧਰੇਕਾਂ ਖੇਡ ਕੇ, ਹੱਸ ਤ੍ਰਿੰਝਣ ਪਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਭਰਿਆ ਤ੍ਰਿੰਝਣ ਵੇਖ ਲੈ

ਜਦ ਫਲਣ ਧਰੇਕਾਂ, 

ਪੱਤਣ ਖ਼ੁਰ ਗਏ ਜਦੋਂ ਇਹ

ਫਿਰ ਨਦੀ ਦੇਖਾਂ,

ਪੈਣ ਧਮਾਲਾਂ, ਮਹਿੰਦੀਆਂ : ਨੇ ਸਫ਼ਰ ਮੁਕਾਇਆ,

ਮਨ ਪਰਦੇਸੀ ਜੋ ਥੀਐ, ਸਭ ਦੇਸ ਪਰਾਇਆ।

ਦੂਰ ਅੰਬਾਂ ਦੇ ਹੇਠ ਸੀ 

ਜੋ ਮਜਲਿਸ ਮੇਰੀ, 

ਛਾਲੇ ਛਾਲੇ ਹੋਏ ਕੇ 

ਜੂਹ ਆਈ ਤੇਰੀ,

ਸਾਹ ਵੱਡੇ ਪੁਲਾਂ ਦੇ, ਕੋਈ ਕੌਲ ਨਿਭਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਉੱਚੇ ਕੋਟ ਤੋਂ ਵੇਖਣਾ 

ਲਜਿਆ ਕੇ ਤੇਰਾ, 

ਨਨਕਾਣੇ ਦੀ ਜੂਹ ਵਿਚ 

ਮਨ ਭਰਿਆ ਮੇਰਾ,

ਰੋਹੀਆਂ ਦੇ ਵਿਚ ਵੱਸਦਾ, ਤੇਰਾ ਸ਼ਹਿਰ ਤਿਹਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। 

ਸੂਰਜ ਸਿਖਰ ਦੁਪਹਿਰ ਦਾ, ਤੇਰੇ ਸ਼ਹਿਰ 'ਤੇ ਆਇਆ।

(2)

[ਮਾਸੂਮ ਅਤੇ ਪਾਕ ਸੀਰਤ ਫ਼ਕੀਰ ਕੁੜੀ ਦੇ ਵਲਵਲੇ] 

ਮਨ ਪਰਦੇਸੀ ਜੋ ਥੀਐ, ਸਭ ਦੇਸ ਪਰਾਇਆ, 

ਧੰਮੀ ਵੇਲੇ ਝਨਾਂ 'ਤੇ, ਕੋਈ ਸੁਪਨਾ ਆਇਆ।

ਕੋਇਲ ਜਿਉਂ ਤੈਨੂੰ ਕੂਕਦਾ

ਮੇਰਾ ਚਾਅ ਅੰਞਾਣਾ, 

ਇਉਂ ਜਾਵੀਂ ਛੋਡ ਕੇ

ਇਹ ਬੋਲ ਨਿਮਾਣਾ,

ਤੈਨੂੰ 'ਵਾਜਾਂ ਮਾਰ ਮਾਰ, ਅਸਾਂ ਸਫ਼ਰ ਮੁਕਾਇਆ,

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸਤਲੁਜ ਦੇ ਵਿਚ ਜਦੋਂ ਸੀ

ਚੜ੍ਹ ਵਗਦੇ ਪਾਣੀ,

ਪੱਤਣਾਂ ਉੱਤੇ ਉਦੋਂ ਮੈਂ

ਤੇਰੀ 'ਵਾਜ ਪਛਾਣੀ,

ਉਹੀਓ 'ਵਾਜ ਦੇ ਆਸਰੇ, ਅਸਾਂ ਦਿਹੁੰ ਲੰਘਾਇਆ,

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਨਾਲ ਅੰਬਾਂ ਦੇ ਖੇਡ ਕੇ

ਮੈਂ ਕੇਸ ਸੰਵਾਰੇ,

ਪੱਤਣਾਂ 'ਤੇ ਬਹਿ ਵੇਖਦੀ

ਤੇਰੇ ਬਾਜ਼ ਪਿਆਰੇ,

ਡੂੰਘੇ ਮੇਰੇ ਝਨਾਂ ਨੇ, ਤੇਰਾ ਬੋਲ ਛੁਪਾਇਆ,

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਰੰਗ ਮਜੀਠੀ ਵੇਖ ਕੇ

ਮੇਰਾ ਮਨ ਕੁਮਲਾਵੇ,

ਦੂਜਾ ਰੰਗ ਕਸੁੰਭੜਾ 

ਮੇਰੀ ਜਾਨ ਸੁਕਾਵੇ,

ਡੂੰਘੇ ਭਰੇ ਝਨਾਂ ਦਾ, ਮੈਂ ਕਰਜ਼ ਚੁਕਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਵੱਡੀਆਂ ਮਿਲਖਾਂ ਵਾਲਿਆ

ਖੜ੍ਹ ਗੱਲ ਸੁਣਾਵਾਂ, 

ਲੈ ਜਾ ਲੰਮੇ ਬੁੱਤ ਤੋਂ 

ਇਹ ਲੰਮੀਆਂ ਛਾਵਾਂ,

ਡੂੰਘੇ ਮੇਰੇ ਝਨਾਂ ਨੇ, ਮੈਨੂੰ ਖੇਡਣ ਲਾਇਆ— 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਪਿੱਪਲਾਂ ਛਾਵੇਂ ਚਾਅ ਵਿਚ

ਜਦ ਝੂਟਣ ਲੱਗੀ,

ਸਿਰ ਤੇ ਉਡਦਾ ਬਾਜ਼ ਤੱਕ 

ਖੜ ਕੂਕਨ ਲੱਗੀ,

ਹੱਸ ਕੇ ਹਸ਼ਰਾਂ ਸਾਮ੍ਹਣੇ, ਅਸਾਂ ਸੀਸ ਨਿਵਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਇੱਕੋ ਬੋਲ ਪਛਾਣਿਆਂ

ਬਸ ਉਹੀਓ ਜਰਿਆ

ਰੋਹੀਆਂ ਦੇ ਲੱਖ ਬੁੱਲਿਆਂ 

ਵਿਚ ਕੇਸੂ ਹਰਿਆ,

ਅਸਾਂ ਨੇ ਆਪਣੀ ਜਾਨ 'ਤੇ, ਮਾਹ ਸਾਉਣ ਚੜ੍ਹਾਇਆ,

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸਿਖਰ ਦੁਪਹਿਰ ਦੇ ਕੋਟ ਤੋਂ 

ਮੈਂ ਨਦੀਆਂ ਵੇਖਾਂ, 

ਹੰਝੂ ਮੈਂਡੇ ਡਲ੍ਹਕਦੇ 

ਰੰਗ ਭਰਨ ਧਰੇਕਾਂ,

ਹਰਿਆਂ ਬੰਨਿਆਂ ਵਲ ਵੇ, ਤੇਰਾ ਲਸ਼ਕਰ ਪਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸੁੱਕਾ ਸਤਲੁਜ ! ਰੇਤ 'ਤੇ 

ਮਨ ਡੁਸਕੇ ਮੇਰਾ, 

ਜਲ-ਥਲ ਥੀਵਾਂ ਸਾਜਨਾ

ਸ਼ਹੁ ਭਰੇ ਜੇ ਤੇਰਾ,

ਯਾਰਾ ਨਗਰ ਬੇਗਾਨੜੇ, ਅਸਾਂ ਵੇਸ ਬਣਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।

ਸਿਖਰ ਦੁਪਹਿਰ ਦੇ ਕੋਟ 'ਤੇ

ਮੇਰੇ ਬੁੱਤ ਦਾ ਸਾਇਆ, 

ਇਉਂ ਨਾ ਜਾਵੀਂ ਛੋਡ ਕੇ

ਅਸਾਂ ਬੋਲ ਪੁਗਾਇਆ,

ਵਗਦੇ ਮੇਰੇ ਝਨਾਂ ਦਾ, ਕਿਸੇ ਭੇਦ ਪਾਇਆ, 

ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। 

ਧੰਮੀ ਵੇਲੇ ਝਨਾਂ ਦਾ, ਕੋਈ ਸੁਪਨਾ ਆਇਆ।

📝 ਸੋਧ ਲਈ ਭੇਜੋ