ਵੈਰੀ ਲਈ ਵੀ ਦਿਲ ਵਿੱਚ ਜਾਗੇ ਹੈ ਪਿਆਰ ਮੈਨੂੰ
ਲਗਦਾ ਹੈ ਉਹ ਵੀ ਅਜਕਲ੍ਹ ਅਪਣਾ ਹੀ ਯਾਰ ਮੈਨੂੰ।
ਜਦ ਜ਼ਹਿਰ ਦਾ ਪਿਆਲਾ ਉਸ ਸ਼ਖਸ ਨੇ ਪਿਲਾਇਆ
ਮਰ ਜਾਣ ਤਕ ਸੀ ਹਲਕਾ ਹਲਕਾ ਖ਼ੁਮਾਰ ਮੈਨੂੰ।
ਹੱਥ ਛੋੜ ਦੇ ਨੀ ਹੀਰੇ ਉਠ ਵੇਖ ਕੌਣ ਆਇਆ
ਲਗਦਾ ਹੈ ਜੰਗ ਛਿੜ ਪਈ ਆਈ ਹੈ ਤਾਰ ਮੈਨੂੰ।
ਮੇਰੇ ਪੜੋਸ ਵਾਲੇ ਅੱਜ ਮੈਨੂੰ ਮਾਰ ਦਿੱਤਾ
ਉਹ ਨਫ਼ਰਤਾਂ ਦਾ ਜਾਪੇ ਹੋਇਆ ਸ਼ਿਕਾਰ ਮੈਨੂੰ।
ਬੇਸ਼ਕ ਪਰਾਂ ਨੂੰ ਕਟ ਲੈ ਉੱਗ ਪੈਣਗੇ ਦੁਬਾਰਾ
ਰਗ ਰਗ ਰਚੀ ਇਨ੍ਹਾਂ ਦੇ ਲੱਗੇ ਉਡਾਰ ਮੈਨੂੰ।
ਛਿਣ ਛਿਣ ਖਿਸਕਦੀ ਜਾਵੇ ਮੁੱਠੀ ਚੋਂ ਜ਼ਿੰਦਗ਼ਾਨੀ
ਇਹ ਰੇਤ ਵਾਂਗ ਕਿਰਦੀ ਕਰਦੀ ਬੇਜ਼ਾਰ ਮੈਨੂੰ।
ਦਸਤੂਰ ਹੈ ਕਿ ਪਿਆਸਾ ਪਾਣੀ ਦੇ ਕੋਲ ਜਾਵੇ
ਜਾਵਾਂ ਜੇ ਘਰ ਖ਼ੁਦਾ ਦੇ ਆਵੇ ਫ਼ੁਹਾਰ ਮੈਨੂੰ।
ਪੀੜਾਂ ਨੇ ਰੂਪ ਧਾਰਿਆ ਕਲੀਆਂ ਜਿਹੀ ਗ਼ਜ਼ਲ ਦਾ
ਸ਼ਬਦਾਂ ਦੇ ਚਿਹਰਿਆਂ ਤੇ ਜਾਪੇ ਬਹਾਰ ਮੈਨੂੰ।
ਰਲ ਮਿਲ ਕੇ ਜੀਣ ਵਾਲੀ ਰੁਤ ਪਰਤ ਕੇ ਨਾ ਆਈ
ਆਦਮ ਹਵਾ ਨੇ ਬਦਲੀ ਲੱਗੇ ਨੁਹਾਰ ਮੈਨੂੰ।
ਜੁਗਨੂੰ ਨੇ ਨੈਣ ਤੇਰੇ ਰਾਤਾਂ ਨੂੰ ਜਾਗਦੇ ਨੇ
ਕਰਦੇ ਨੇ ਵੇਖ ‘ਉੱਪਲ’ ਇਹ ਬੇਕਰਾਰ ਮੈਨੂੰ।