ਮੈਂ ਕਿਉਂ ਨਦੀਆਂ ਸੰਗ ਖੇਲ੍ਹੀ, ਓ ਯਾਰ ?
ਇਹ ਕੀ ਉਮਰ ਮੇਰੀ ਅਲਬੇਲੀ, ਓ ਯਾਰ ?
ਮੈਂ ਜੰਗਲ ਬੇਲੇ ਢੂੰਡ ਰਹੀ,
ਮੇਰੇ ਹਾਣ ਦਾ ਕੋਈ ਨ ਬੇਲੀ, ਓ ਯਾਰ।
ਮੈਂ ਬੇ-ਲੱਜ, ਅੰਮੀ ਵਰਜ ਰਹੀ,
ਨਸ ਬੇੜੀ ਝਨਾਂ ਵਿਚ ਠੇਲ੍ਹੀ, ਓ ਯਾਰ।
ਅਸਾਂ ਰਾਹੀਆਂ ਦੀ ਉਮਰ ਤਪਾ ਮਾਰੀ
ਆ ਡਾਢੇ ਜਾਨ ਝਮੇਲੀ, ਓ ਯਾਰ।
ਟੁੱਟ ਝੱਖੜ ਅਰਸ਼ਾਂ ਵਖਤ ਪਏ,
ਕਿਸ ਡੋਬੇ ਸਿੰਧ ਹਥੇਲੀ, ਓ ਯਾਰ !
ਜਦ ਵਸਲ ਕੂਕਦੇ ਥਲ ਤੋੜੇ,
ਤਦ ਕੋਈ ਰਿਹਾ ਨ ਬੇਲੀ, ਓ ਯਾਰ।
ਉਹ ਰੰਗਪੁਰ ਆਏ ਜਾਲ ਜਫ਼ਰ,
ਅਸਾਂ ਕਿਹਾ : ਜਿੰਦ ਨ ਵਿਹਲੀ, ਓ ਯਾਰ।
ਮੈਂ ਕਿਉਂ ਨਦੀਆਂ ਸੰਗ ਖੇਲ੍ਹੀ, ਓ ਯਾਰ ?
ਇਹ ਕੀ ਉਮਰ ਮੇਰੀ ਅਲਬੇਲੀ, ਓ ਯਾਰ ?