ਮੈਂ ਚਾਹੁੰਦਾ ਹਾਂ ਬੇਟੀ ਮੇਰੀ
ਚਿਖਾ ਨੂੰ ਮੇਰੀ ਅਗਨ ਦਿਖਾਵੇ
ਇੰਜ ਕਰਕੇ ਇੰਜ ਮਰਕੇ ਵੀ ਮੈਂ
ਐਸੀ ਰਸਮ ਨੂੰ ਤੋੜ ਦਿਆਂਗਾ
ਜੋ ਧੀਆਂ ਨੂੰ ਮਾਤਮ ਵਿੱਚ ਵੀ
ਕਦੇ ਬਰਾਬਰ ਹੋਣ ਨਾ ਦੇਵੇ
ਨਾ ਬਰਾਬਰ ਹੱਸਣ ਦੇਵੇ
ਤੇ ਨਾ ਪੂਰਾ ਰੋਣ ਹੀ ਦੇਵੇ
ਮੈਂ ਇਸਤੋਂ ਵੀ ਵੱਧ ਚਾਹੁੰਦਾ ਹਾਂ
ਤੋੜਨੀ ਹਰ ਉਹ ਜੱਦ ਚਾਹੁੰਦਾ ਹਾਂ
ਅਣਸਾਵੀਂ ਤੇ ਕਾਣੀ ਜੋ ਵੀ
ਸਾੜਨੀ ਹਰ ਉਹ ਰਸਮ ਚਾਹੁੰਦਾ ਹਾਂ
ਚਿਤਾ ਮੇਰੀ ਵਿੱਚ ਲੱਕੜਾਂ ਦੀ ਥਾਂ
ਬਾਲਣ ਪਵਾਉਣਾ ਇਹ ਚਾਹੁੰਦਾ ਹਾਂ
ਇੰਜ ਕਰਕੇ ਇੰਜ ਮਰਕੇ ਵੀ ਮੈਂ
ਇੱਕ ਰਚਨਾ ਕਰਨਾ ਚਾਹੁੰਦਾ ਹਾਂ