ਠਰੀ ਪੌਣ ਪੋਹ ਦੀ ਵੇ ਮਿੱਤਰਾ
ਝਨਾਂ ਦੀ ਹਿੱਕ ਵਿਚ ਧੱਸਦੀ।
ਖਿੱਚ ਖਿੱਚ ਬਾਹਵਾਂ ਕਮਲੀਆਂ
ਆਸ਼ਕ ਦੀ ਜੁਆਨੀ ਕੱਸਦੀ।
ਤੈਂਡੀ ਚਾਨਣੀ ਤੇ ਮੱਸਿਆ ਜਹੀ ਚੁੰਨੜੀ
ਪੌਣਾਂ ਦੀਆਂ ਕਾਂਗਾਂ ਤੇ ਮੇਲ੍ਹਦੀ
ਹਿੱਕਾਂ ਨੂੰ ਘੁੱਟਾਂ ਢੋਲਣਾ
ਅੰਗਿਆਰਾਂ ਦੀ ਝੜੀ ਵਸਦੀ—
ਨਿੱਘਾ ਹੋਇਆ ਝਨਾਂ ਵੇ ਮੁੰਡਿਆ
ਲਹਿਰਾਂ ਦੀ ਹਿੱਕੜੀ ਲੱਸਦੀ।
ਵੇ ਜਾਂਗਲੀ ਛੈਲ ਛਬੀਲਿਆ।
ਮਾਘ ਦਾ ਠੱਕਾ ਵਗਦਾ !
ਝਨਾਂ ਦੇ ਤੁਪਕੇ ਤੁਪਕੇ ਤੇ
ਮਿਰਜ਼ੇ ਦਾ ਤੀਰ ਵੱਜਦਾ-
ਭੁਆਟਣੀਆਂ ਖਾ ਖਾ ਅੰਬਰ ਤੋਂ
ਠੱਕਾ ਲਹਿਰਾਂ ਤੇ ਡਿੱਗਦਾ।
ਵਿੰਨ੍ਹਿਆ ਰੋਮ ਰੋਮ ਇਸ ਉੱਡਣੇ ਸੱਪ ਦਾ
ਵਾਣ ਜੱਟ ਦਾ ਗੱਜਦਾ !
ਪੌਣ ਵੀ ਚੁੱਪ, ਬੋਲੀ ਵੀ ਚੁੱਪ !
ਹੀਣੀ ਰਾਖ਼ ਹੀ ਰਹਿ ਗਈ ਦੂਲਿਆ,
ਸੌਂ ਗਿਆ ਤੀਰਾਂ 'ਚ ਵੱਗਦਾ
ਚੰਘਿਆੜਦਾ ਦਰਿਆ ਅੱਗ ਦਾ।
ਆਇਆ ਵੇ ਬੇਲਿਆਂ ਦੇ ਮਾਲਕਾ
ਸ਼ਮੀਰ ਦਾ ਘੋੜਾ ਭੱਜਦਾ।
ਵੇ ਜਾਂਗਲੀ ਛੈਲ ਛਬੀਲਿਆ।