ਵੀਹ ਸਾਲ ਬਾਅਦ

ਮੇਰੇ ਚੇਹਰੇ ਤੇ ਉਹ ਅੱਖਾਂ ਮੁੜ ਆਈਆਂ ਹਨ

ਜਿਨ੍ਹਾਂ ਨਾਲ਼ ਮੈਂ ਪਹਿਲੀ ਵਾਰ ਜੰਗਲ ਵੇਖਿਆ ਹੈ :

ਹਰੇ ਰੰਗ ਦਾ ਇੱਕ ਠੋਸ ਵਹਿਣ ਜਿਸ ਵਿਚ ਸਾਰੇ ਦਰਖ਼ਤ ਡੁੱਬ ਗਏ ਹਨ।

ਅਤੇ ਜਿੱਥੇ ਹਰ ਆਗਾਹੀ

ਖ਼ਤਰਾ ਟਾਲਣ ਤੋਂ ਬਾਅਦ

ਇੱਕ ਹਰੀ ਅੱਖ ਬਣ ਕੇ ਰਹਿ ਗਈ ਹੈ।

ਵੀਹ ਸਾਲ ਬਾਅਦ

ਮੈਂ ਆਪਣੇ-ਆਪ ਨੂੰ ਇੱਕ ਸਵਾਲ ਕਰਦਾ ਹਾਂ

ਜਾਨਵਰ ਬਨਣ ਦੇ ਲਈ ਕਿੰਨੇ ਸਬਰ ਦੀ ਲੋੜ ਹੁੰਦੀ ਹੈ ?

ਅਤੇ ਬਿਨਾਂ ਕਿਸੇ ਉੱਤਰ ਦੇ ਚੁੱਪਚਾਪ

ਅੱਗੇ ਵਧ ਜਾਂਦਾ ਹਾਂ

ਕਿਉਂਕਿ ਅੱਜਕੱਲ੍ਹ ਮੌਸਮ ਦਾ ਮਿਜਾਜ ਇਉਂ ਹੈ

ਕਿ ਖੂਨ ਵਿਚ ਉੱਡਣ ਵਾਲੀਆਂ ਸਤਰਾਂ ਦਾ ਪਿੱਛਾ ਕਰਨਾ

ਲਗਭਗ ਬੇਮਾਨੀ ਹੈ।

ਦੁਪਹਿਰ ਹੋ ਚੁੱਕੀ ਹੈ

ਹਰ ਪਾਸੇ ਤਾਲੇ ਲਟਕ ਰਹੇ ਹਨ

ਕੰਧਾਂ ਨਾਲ ਚਿਪੇ ਗੋਲੀ ਦੇ ਛਰ੍ਹਿਆਂ

ਅਤੇ ਸੜਕਾਂ ਤੇ ਖਿੱਲਰੇ ਜੁੱਤਿਆਂ ਦੀ ਭਾਸ਼ਾ ਵਿਚ

ਇੱਕ ਹਾਦਸਾ ਲਿਖਿਆ ਗਿਆ ਹੈ

ਹਵਾ ਨਾਲ ਫੜਫੜਾਉਂਦੇ ਹਿੰਦੁਸਤਾਨ ਦੇ ਨਕਸ਼ੇ ਤੇ

ਗਾਂ ਨੇ ਗੋਹਾ ਕਰ ਦਿੱਤਾ ਹੈ।

ਪਰ ਇਹ ਸਮਾਂ ਘਬਰਾਏ ਹੋਏ ਲੋਕਾਂ ਦੀ ਸ਼ਰਮ

ਅਨੁਮਾਨਣ ਦਾ ਨਹੀਂ

ਅਤੇ ਨਾ ਇਹ ਪੁੱਛਣ ਦਾ-

ਕਿ ਸੰਤ ਅਤੇ ਸਿਪਾਹੀ ‘ਚੋਂ

ਦੇਸ਼ ਦਾ ਸਭ ਤੋਂ ਵੱਡਾ ਦੁਰਭਾਗ ਕਿਹੜਾ ਹੈ!

ਅਫ਼ਸੋਸ ! ਵਾਪਸ ਮੁੜ ਕੇ

ਰਹਿ ਗਏ ਜੁੱਤਿਆਂ ਵਿਚ ਪੈਰ ਪਾਉਣ ਦਾ ਸਮਾਂ ਇਹ ਨਹੀਂ ਹੈ

ਵੀਹ ਸਾਲ ਬਾਅਦ ਅਤੇ ਇਸ ਸਰੀਰ ਵਿਚ

ਸੁੰਨਸਾਨ ਗਲੀਆਂ ‘ਚੋਂ ਚੋਰਾਂ ਦੀ ਤਰ੍ਹਾਂ ਲੰਘਦਿਆਂ ਹੋਇਆਂ

ਆਪਣੇ-ਆਪ ਨੂੰ ਸਵਾਲ ਕਰਦਾ ਹਾਂ-

ਕੀ ਅਜ਼ਾਦੀ ਸਿਰਫ ਤਿੰਨ ਥੱਕੇ ਹੋਏ ਰੰਗਾਂ ਦਾ ਨਾਂ ਹੈ

ਜਿੰਨ੍ਹਾਂ ਨੂੰ ਇੱਕ ਪਹੀਆ ਢੋਂਦਾ ਹੈ

ਜਾਂ ਇਸ ਦਾ ਕੋਈ ਖਾਸ ਮਤਲਬ ਹੁੰਦਾ ਹੈ?

ਅਤੇ ਬਿਨਾਂ ਕਿਸੇ ਉੱਤਰ ਤੋਂ ਅੱਗੇ ਵਧ ਜਾਂਦਾ ਹਾਂ

ਚੁੱਪਚਾਪ।

📝 ਸੋਧ ਲਈ ਭੇਜੋ