ਵੀਰ ਤੂੰ ਕੁੰਜਾਹ ਦਾ ਏਂ ?
ਤੇਰਾ ਨਾਂ ਸ਼ਰੀਫ਼ ਏ ?
ਅੱਗੇ ਈ ਮੈਂ ਆਖਦੀ ਸਾਂ ਲਗਦਾ ਤੇ ਉਹਾ ਏ ।
ਅੱਜ ਕਿਹਾ ਨੇਕ ਦਿਹਾੜਾ ਏ,
ਰੱਬ ਨੇ ਭਰਾ ਮੇਲ ਦਿੱਤਾ ਏ ।
ਮੁੰਡਿਆ ਇਹ ਵੇਖ ਤੇਰਾ ਮਾਮਾ ਏਂ ।
ਮੈਨੂੰ ਤੂੰ ਸਿੰਞਾਣਿਆ ਨਾ ਹੋਵੇਗਾ ।
ਕਦੀ ਨਿੱਕੇ ਹੁੰਦੇ ਰਲ ਕੇ ਤੇ ਅਸੀਂ ਖੇਡਦੇ ਹੁੰਦੇ ਸਾਂ ।
ਮੇਰਾ ਨਾਂ ਨਿਆਮਤੇ ਵੇ ।
ਮਿਹਰ 'ਨੂਰ ਦੀਨ' ਦੀ ਮੈਂ ਦੋਹਤਰੀ ਆਂ ।
ਮਿਲਦਿਆਂ ਦੇ ਸਾਕ ਨੇ ਤੇ ਵਾਂਹਦਿਆਂ ਦੇ ਖੂਹ ਨੇ ।
ਕਦੇ ਵਰ੍ਹਾ ਵਰ੍ਹਾ ਓਥੇ ਜਾ ਕੇ ਰਹਿ ਆਉਂਦੀ ਸਾਂ ।
ਹੁਣ ਉਨ੍ਹਾਂ ਥਾਵਾਂ ਨੂੰ ਵੀ ਤਕਣੇ ਨੂੰ ਸਹਿਕਨੀ ਆਂ । ।
ਮੇਰੇ ਤੋਂ ਪਤਾ ਈ ਜੇ ਮਾਮੀ ਸਾਡੇ ਨਾਲ ਅਫ਼ਸੋਸੀ ਏ ।
ਵੀਰ ਦੱਸ ! ਮੇਰਾ ਇਹਦੇ ਵਿਚ ਕੀ ਕਸੂਰ ਸੀ ?
ਨਾਨਕਿਆਂ ਨਾਲੋਂ ਮੈਨੂੰ ਚੰਗੀ ਥਾਂ ਕਿਹੜੀ ਸੀ ।
ਮਾਪਿਆਂ ਦੇ ਅੱਗੇ ਪਰ ਧੀਆਂ ਨਹੀਂ ਬੋਲਦੀਆਂ ।
ਵੱਜੇ ਹੋਏ ਸ਼ਰਮ ਦੇ ਜੰਦਰੇ ਨਾ ਖੋਲ੍ਹਦੀਆਂ ।
ਉਨ੍ਹਾਂ ਨੂੰ ਜੰਮਿਆਂ ਤੋਂ ਅੱਗੇ ਸ਼ੈ ਕਿਹੜੀ ਏ ?
ਉਨ੍ਹਾਂ ਦਾ ਉਹ ਬੁਰਾ ਕਦੇ ਮੰਗ ਨਹੀਂ ਸਕਦੇ,
ਥੁੜ੍ਹਾਂ ਤਰਸੇਵਿਆਂ 'ਚ ਉਂਜ ਤਿਲਕ ਪਈਦਾ,
ਅੱਖੀਆਂ ਪਿਓ ਨੂੰ ਜਦੋਂ ਹਾਰ ਦੇ ਗਈਆਂ ਸਨ ।
ਦੁੱਖਾਂ ਦੀਆਂ ਸਾਡੇ ਉਤੇ 'ਵਾਈਂ' ਝੁੱਲ ਪਈਆਂ ਸਨ ।
ਨਾਨਕੇ ਵੀ ਕੰਨੀ ਖਿਸਕਾਣ ਲੱਗ ਪਏ ਸਨ ।
ਮਿਲ ਕੇ ਤੇ,
ਖਿੜਨ ਦੀ ਥਾਵੇਂ ਕੁਮਲਾਣ ਲੱਗ ਪਏ ਸਨ ।
ਅਸੀਂ ਕੱਚੀ ਆਵੀ ਸਾਂ ਤੇ ਅੱਗ ਪਈ ਬੁੱਝਦੀ ਸੀ ।
ਓਸ ਵੇਲੇ ਜਦੋਂ ਕੋਈ ਗੱਲ ਵੀ ਨਾ ਸੁੱਝਦੀ ਸੀ ।
ਹਰ ਸ਼ੈ ਛੱਡ ਗਈ ।
ਏਸ ਦੇ ਪਿਓ ਮੇਰੇ ਪਿਓ ਦੀ ਬਾਂਹ ਨੱਪ ਲਈ ।
ਮਰਨ ਲੱਗਾ ਉਸ ਨੂੰ ਜ਼ੁਬਾਨ ਉਹ ਦੇ ਗਿਆ ।
ਠੀਕ ਏ ਜੇ ਮੇਰਾ ਉਹਦਾ ਉਮਰ ਵਿਚ ਹਾਣ ਨਹੀਂ ।
ਪਰ ਵੀਰ ਆਪ ਤੂੰ ਸਿਆਣਾ ਏਂ ।
ਜਿਹੜੀ ਧੀ ਨੂੰ ਮਾਪਿਆਂ ਦੀ ਕੀਤੀ ਦੀ ਪਛਾਣ ਨਹੀਂ ।
ਉਹ ਵੀ ਇਨਸਾਨ ਨਹੀਂ ।
ਮੈਂ ਤੇ ਲੈ ਕੇ ਬਹਿ ਗਈ ਸਾਂ ਏਸ ਖ਼ਿਆਲ ਨੂੰ ।
ਜਾਗ ਲਾਈ,
ਸੌਕਣ ਦੇ ਪੀਤੇ ਹੋਏ ਦੁੱਧ ਦੇ ਹੰਗਾਲ ਨੂੰ ।
ਰੱਬ ਮੇਰਾ ਸਬਰ ਕਬੂਲ ਕਰ ਲੀਤਾ ਏ,
ਮੈਨੂੰ ਇਹ ਚੰਨ ਜਿਹਾ ਪੁੱਤ ਦੇ ਦਿੱਤਾ ਏ ।
ਲੈ ਫੇਰ ਮੈਂ ਤੇ ਹੁਣ ਇਥੇ ਲਹਿ ਜਾਣਾ ਏਂ ।
ਤੂੰ ਵੀ ਅਜ ਕੀ ਹੋਇਆ ਅੱਜ ਏਥੇ ਲਹਿ ਬਹੁ ਖਾਂ ।
ਇਕ ਰਾਤ ਭੁੱਲੀ ਹੋਈ ਭੈਣ ਦੇ ਵੀ ਕੋਲ ਚੱਲ ਰਹੁ ਖਾਂ ।
ਅੱਛਾ ਜੱਗ ਜਿਉਂਦਿਆਂ ਦੇ ਮੇਲ ਨੇ ।
ਮੇਰੇ ਵਲੋਂ ਸਭਨਾਂ ਨੂੰ ਬਹੁਤ ਬਹੁਤ ਪੁਛਣਾਂ ।