ਭੈਣਾਂ ਨੂੰ ਵੀਰਾਂ ਤੇ ਬੜਾ ਮਾਣ ਹੁੰਦਾ
ਭਰਾ ਭੈਣਾਂ ਲਈ ਠਾਣਾ ਹੁੰਦੇ
ਜਿੱਥੇ ਆਪਣੇ ਬਿਗਾਨੇ ਹਰ ਕਿਸੇ ਦੀ ਸ਼ਿਕਾਇਤ ਕੀਤੀ ਜਾਂਦੀ
ਭੈਣ ਦੀ ਸੁਰੱਖਿਆ ਲਈ ਭਰਾ ਕਿਸੇ ਵੀ ਹੱਦ ਤਕ ਜਾਂਦੇ
ਭੈਣ ਦੀ ਖ਼ੁਸ਼ੀ ਲਈ ਕੁਝ ਵੀ ਕਰ ਗੁਜ਼ਰਦੇ
ਵੀਰਾਂ ਤੇ ਇਸੇ ਮਾਣ ਕਰਕੇ
ਸਾਹਿਬਾਂ ਨੇ
ਮਿਰਜ਼ੇ ਦਾ ਤਰਕਸ਼ ਜੰਡ ਤੇ ਟੰਗ ਦਿੱਤਾ
ਤੀਰਾਂ ਨੂੰ ਤੋਡ਼ ਕੇ
ਮਿਰਜ਼ਾ ਤਾਂ ਬਿਗਾਨਾ ਪੁੱਤ ਸੀ
ਉਸ ਨੇ ਮਿੰਨਤ ਤਰਲੇ ਤੇ ਵੀ ਭਰਾਵਾਂ ਨੂੰ ਨਹੀਂ ਬਖ਼ਸ਼ਣਾ ਸੀ
ਭਰਾ ਤਾਂ ਆਪਣੀ ਅੰਮੀ ਜਾਏ ਸੀ
ਸੋਚਿਆ ਹੋਵੇਗਾ ਮਿੰਨਤ ਤਰਲਾ ਕਰ ਮਿਰਜ਼ੇ ਦੀ ਜਾਨ ਬਖਸ਼ਾ ਲਵਾਂਗੀ
ਭੈਣ ਦੀ ਖ਼ੁਸ਼ੀ ਲਈ ਭਰਾ ਕੁਝ ਵੀ ਕਰ ਗੁਜ਼ਰਨਗੇ
ਪਰ ਸਾਹਿਬਾ ਨਹੀਂ ਜਾਣਦੀ ਸੀ
ਜਿਨ੍ਹਾਂ ਅਹਿਮ ਉਸ ਬਿਗਾਨੇ ਪੁੱਤ ਵਿੱਚ ਸੀ
ਉਨ੍ਹਾਂ ਹੀ ਅੰਮੀ ਜਾਈ ਪੁੱਤਾਂ ਵਿੱਚ ਵੀ ਸੀ
ਰੋਂਦੀ ਵਿਲਕਦੀ ਭੈਣ ਦੀ ਉਨ੍ਹਾਂ ਇੱਕ ਨਾ ਸੁਣੀ
ਮਿਰਜ਼ੇ ਨੂੰ ਮਾਰ ਦਿੱਤਾ
ਬਖ਼ਸ਼ਿਆ ਸਾਹਿਬਾਂ ਨੂੰ ਵੀ ਨਹੀਂ
ਵੀਰਾਂ ਤੇ ਕੀਤਾ ਮਾਣ ਮਿੱਟੀ ਵਿੱਚ ਰੁਲ ਗਿਆ
ਤੇ ਸਦੀਆਂ ਲਈ ਬਦਨਾਮੀ ਦਾ ਟਿੱਕਾ ਮੱਥੇ ਲੱਗ ਗਿਆ
ਸਾਹਿਬਾਂ ਨੂੰ ਮਿਰਜ਼ਾ ਨਹੀ ਲੈ ਡੁੱਬਿਆ
ਭਰਾਵਾ ਤੇ ਕੀਤਾ ਮਾਣ ਲੈ ਬੈਠਾ