ਵੀਰਾ
ਤੂੰ ਮੇਰਾ ਸਹਾਰਾ ਬਣੀ
ਲੋਕਾਂ ਨਾਲ ਤਾਂ ਮੈਂ ਆਪੇ ਲੜ ਲਵਾਂਗੀ
ਜੋ ਮੇਰੇ ਵੱਲ ਉੱਠੇਗੀ ਨਜ਼ਰ
ਮਾੜੀ ਨੀਅਤ ਨਾਲ
ਉਸ ਦਾ ਮੁਕਾਬਲਾ
ਆਪੇ ਕਰ ਲਵਾਂਗੀ
ਵੀਰ ਹਰ ਥਾਂ ਨਹੀਂ ਹੋ ਸਕਦਾ ਮੇਰੇ ਨਾਲ
ਮੈਂ ਜ਼ਿੰਦਗੀ ਵਿਚ ਅੱਗੇ ਵਧਣਾ
ਸੁੰਨੀਆਂ ਅਣਜਾਣ ਰਾਹਾਂ ਤੇ
ਆਪਣੀ ਤਰੱਕੀ ਦਾ ਰਾਹ ਲੱਭਣਾ
ਕਿੱਥੇ ਕਿੱਥੇ ਜਾਵੇਗਾ
ਉਹ ਆਪਣਾ ਘਰ ਬਾਰ ਛੱਡ ਮੇਰੇ ਨਾਲ
ਮੈਨੂੰ ਆਪਣੇ ਲਈ
ਆਪ ਹੀ ਲੜਨਾ ਪੈਣਾ
ਅੱਜ ਰੇਸ਼ਮ ਦਾ ਧਾਗਾ
ਵੀਰ ਦੇ ਗੁੱਟ ਤੇ ਬੰਨ੍ਹ
ਉਸ ਤੋਂ ਮੰਗਦੀ
ਕਿ ਆਪਣੀ ਧੀ ਨੂੰ
ਮਜ਼ਬੂਤ ਬਣਾਵੇ
ਸਮਝੌਤੇ ਕਰਨੇ ਨਾ ਸਿਖਾਵੇ
ਸਿਖਾਵੇ ਉਸ ਨੂੰ
ਹਰ ਚੰਗੀ ਬੁਰੀ ਨਜ਼ਰ ਦਾ ਸਾਹਮਣਾ ਕਰਨਾ
ਹਰ ਮੁਸ਼ਕਿਲ ਨਾਲ
ਡਟ ਕੇ ਲੜਨਾ
ਮੈਨੂੰ ਇਹੋ ਤੋਹਫਾ ਚਾਹੀਦਾ
ਰੱਖੜੀ ਦਾ
ਮਜ਼ਬੂਤ ਹੋਵੇ
ਮੇਰੇ ਪੰਜਾਬ ਦੀ
ਹਰ ਧੀ
ਜੋ ਵਾਰਸ ਹੈ ਮਾਈ ਭਾਗੋ ਦੀ