ਵਿਹੜੇ ਆ ਮਾਹੀਆ

ਸਾਡੇ ਵਿਹੜੇ ਸਾਡੇ ਵਿਹੜੇ ਮਾਹੀਆ 

ਇਹ ਰਾਤ ਸੁਹਾਣੀ

ਇੰਜ ਤੁਰੀਆਂ ਖੁਸ਼ਬੋਈਆਂ ਵੇ ਜੀਕਣ 

ਤੇਰੀਆਂ ਮੇਰੀਆਂ ਗੱਲਾਂ

ਹਿਕ ਵਿਚ ਪੈਣ ਉਛਾਲ ਵੇ ਮਾਹੀਆ

ਸਾਗਰ ਦੇ ਵਿਚ ਛੱਲਾਂ

ਬਿਰਹੋਂ ਦੀ ਦਾਤ ਵਡੇਰੀ ਵੇ,

ਸਾਡੀ ਜਿੰਦ ਨਿਮਾਣੀ

ਪੁੰਨਿਆ ਦੇ ਚਾਨਣ ਖ਼ਾਕ ਮੇਰੀ ਤੇ

ਗੀਤ-ਜਹੇ ਲਖ ਧੂੜੇ

ਦਿਲ ਸਾਡੇ ਵਿਚ ਦਰਦ ਸਚਾਵਾਂ

ਰੰਗ ਹਿਜਰ ਦੇ ਗੂੜ੍ਹੇ

ਪੁੰਨਿਆਂ 'ਚ ਡੋਲ੍ਹ ਬੈਠਾਂ ਵੇ

ਜੋ ਤੇਰੀ ਨਿਸ਼ਾਨੀ ਏ।

ਹਿਜਰ ਤੇਰੇ ਦਾ ਬਾਲ ਕੇ ਦੀਵਾ

ਕੁਲ ਆਲਮ ਰੁਸ਼ਨਾਏ

ਹਰ ਮੁਸ਼ਕਿਲ ਨੂੰ ਯਾਦ ਤੇਰੀ ਦੀ

ਲੋਅ ਵਿਚ ਰਾਹ ਮਿਲ ਜਾਏ

ਬਾਝ ਤੇਰੇ ਅਸਾਂ ਨ੍ਹੇਰੇ ਦੀ ਹਰ 

ਲਿਸ਼ਕ ਸਿਞਾਣੀ

ਲਖ ਦਾਤਾਂ ਨੂੰ ਝੋਲ 'ਚ ਪਾ ਕੇ 

ਦਿਲ ਨਾਸ਼ੁਕਰਾ ਰੋਏ

ਕਦੀ ਕਦੀ ਜਦ ਫੁਲ ਪੁੰਨਿਆ ਦਾ 

ਤਨ ਮਨ ਨੂੰ ਖ਼ੁਸਬੋਏ

ਅਜ ਪੁੰਨਿਆਂ ਕਲ ਪੁੰਨਿਆਂ ਨ 

ਇਹ ਕੀ ਰੁੱਤ ਜਵਾਨੀ ?

📝 ਸੋਧ ਲਈ ਭੇਜੋ