ਵਿਹਲਾ ਮੁੰਡਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਲਾਹ ਕੱਪੜੇ ਨੁੱਕਰੀਂ ਸੁੱਟਦਾ

ਬਾਲਾਂ ਨੂੰ ਫੜ ਫੜ ਕੁੱਟਦਾ

ਤੜ੍ਹੀਆਂ ਉਹ ਪਿਓ ਨੂੰ ਲਾਂਦਾ

ਮਾਂ ਦੀ ਉਹ ਗੁਥਲੀ ਲੁਟਦਾ

ਮਾਂ ਬੱਕਰੀ ਸੀ ਉਹ ਲੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਪੈਸੇ ਬਿਨ ਦਿਲ ਨਾ ਲਗਦਾ

ਹਰ ਵੇਲੇ ਖਰਚਾ ਮੰਗਦਾ

ਨਾ ਦੇਈਏ ਖ਼ਤਰਾ ਜੱਗ ਦਾ

ਨਾ ਗਾਲ਼ਾਂ ਕੱਢਣੋਂ ਸੰਗਦਾ

ਇਹ ਚੜ੍ਹਿਆ ਨਿੰਮ ਕਰੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਸਮਝੇ ਕਿ ਰਾਂਝਾ ਝੰਗ ਦਾ ਏ,

ਹਰ ਬੂਹੇ ਅੱਗੇ ਖੰਘਦਾ

ਸੋਹਣਾ ਜਿਹਾ ਰਿਸ਼ਤਾ ਮੰਗਦਾ ਏ,

ਆਕੜ ਕੇ ਗਲਿਓਂ ਲੰਘਦਾ

ਪਰ ਰਾਂਝੇ ਵਾਂਗੂੰ ਵਿਹਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਗੱਲ ਕੰਨ ਵਿੱਚ ਦੱਸੇ ਭਾਬੀ ਨੂੰ

ਜਿਵੇਂ ਭੌਰਾ ਫੁੱਲ ਗੁਲਾਬੀ ਨੂੰ

ਪਿਆ ਪੱਕਾ ਕਰਦਾ ਲਾਬੀ ਨੂੰ

ਕੀ ਦੱਸੀਏ ਏਸ ਅਜ਼ਾਬੀ ਨੂੰ

ਅੱਜ ਘਰ ਨਾ ਪੈਸਾ ਧੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਇਹ ਸਭ ਤੋਂ ਸ਼ੂਕਾ ਬਾਕਾ

ਸੱਤ ਲੜੀਆ ਜੰਗ ਪਟਾਕਾ

ਅਜੇ ਬੇਬੇ ਲਈ ਇਹ ਕਾਕਾ

ਮਮਨੂਆ ਰੈਡ ਇਲਾਕਾ

ਇਹ ਮੁੰਡਾ ਨਹੀਂ ਧੜਬੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਅੱਖ ਰੱਖੇ ਹਰ ਮੁਟਿਆਰ ਉੱਤੇ,

ਘਰ ਜੀ ਨਾ ਲੱਗੇ ਕਾਰ ਉੱਤੇ

ਰਹਿੰਦਾ ਇਹ ਇਸ਼ਕ ਵੰਗਾਰ ਉੱਤੇ,

ਕੱਟਦਾ ਇਹ ਜਿੰਦੜੀ ਲਾਰ ਉੱਤੇ

ਇਹ ਘਰ ਲਈ ਖੋਟਾ ਧੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਹਰ ਕੰਮ 'ਚੋਂ ਕਢਣੇ ਕੀੜੇ ਨੇ,

ਹਰ ਵੇਲੇ ਧੋਤੇ ਲੀੜੇ ਨੇ

ਸੋਨੇ ਦੇ ਲੱਗੇ ਬੇੜੇ ਨੇ,

ਖੀਸੇ ਵਿਚ ਨੋਟ ਨਪੀੜੇ ਨੇ

ਇਹਦੇ ਕਈ ਸਹੇਲੇ ਇਹ ਸਹੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਇਹਨੂੰ ਸ਼ੌਕ ਕਬੂਤਰ ਬਾਜ਼ੀ

ਗੁੱਡੀਆਂ ਪੇਚਾਂ ਦਾ ਗਾਜ਼ੀ

ਬੜਾ ਰੌਸ਼ਨ ਇਹਦਾ ਮਾਜ਼ੀ

ਕੋਠੇ ਤੇ ਰਹਿੰਦਾ ਰਾਜ਼ੀ

ਇਹਨੂੰ ਗਾਮੇ ਬੰਨ੍ਹਿਆ ਸੇਹਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਸੌਦੇ 'ਚੋਂ ਪੈਸੇ ਟੁਕਦਾ

ਮਨ੍ਹਾ ਕਰੀਏ ਤੇ ਫਿਰ ਰੁਕਦਾ

ਮੱਥੇ ਤੋਂ ਲਿਟ ਨਾ ਚੁਕਦਾ

ਮੋਢੇ ਤੋਂ ਥੁੱਕਾਂ ਥੁੱਕਦਾ

ਇਹ ਘਰ ਲਈ ਖੋਟਾ ਧੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਮੂਰਤ ਤੇ ਦਿਲ ਭਰਮਾਉਂਦਾ ਏ,

ਬਾਰੀ ਚੋਂ ਤਾੜੀ ਲਾਉਂਦਾ

ਇਹ ਗੀਤ ਹਿਜਰ ਦੇ ਗਾਉਂਦਾ ਏ,

ਘਰ ਵਾਂਗ ਤੂਫ਼ਾਨ ਦੇ ਆਉਂਦਾ

ਇਕ ਤੇਜ਼ ਸੈਲਾਬੀ ਰੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਹੱਥ ਫੇਰ ਕੇ ਮੂੰਹ ਇਹ ਧੋ ਲੈਂਦਾ,

ਘਿਓ ਲੱਗੀ ਰੋਟੀ ਖੋਹ ਲੈਂਦਾ

ਭੈਣਾਂ ਨੂੰ ਗੱਲੀਂ ਮੋਹ ਲੈਂਦਾ,

ਚੰਗੀ ਜਿਹੀ ਬੂਟੀ ਟੋਹ ਲੈਂਦਾ

ਇਹ ਮੁੰਡਾ ਨਹੀਂ ਇਕ ਮੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਹਰ ਜੀ ਤੋਂ ਦੂਣਾ ਖ਼ਰਚਾ ਸੂ,

ਹਰ ਥਾਣੇ ਦੇ ਵਿਚ ਪਰਚਾ ਸੂ

ਖ਼ੌਰੇ ਕਿੱਥੇ ਕਿੱਥੇ ਯਾਰੀ ਸੂ,

ਹਰ ਗਲੀ ਮੁਹੱਲੇ ਚਰਚਾ ਸੂ

ਹਰ ਕੂਚੇ ਇਹਦਾ ਚੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਇੰਗਲਿਸ਼ 'ਚ ਗ਼ਰਾਰੇ ਕਰਦਾ

ਉਰਦੂ ਤਰਾਰੇ ਭਰਦਾ

ਡਿਸਕੋ ਵਿਚ ਡੁੱਬਦਾ ਤਰਦਾ

ਮਾਂ ਬੋਲੀ ਕੋਲੋਂ ਡਰਦਾ

ਮਾਂ ਧਰਤੀ ਗੋਦ ਸੌਤੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

ਵੇਲੇ ਸਿਰ ਮਿੱਠਾ ਹੋ ਜਾਵੇ,

ਕੰਮ ਨਿਕਲੇ ਛੱਪ ਖਲੋ ਜਾਵੇ

ਨੈਣਾਂ ਦੇ ਬੂਹੇ ਢੋ ਜਾਵੇ,

ਗ਼ਰਜ਼ਾਂ ਦਾ ਬੰਦਾ ਹੋ ਜਾਵੇ

ਬੰਦ ਹਰੀ ਛੈਲ ਦਾ ਕੇਲਾ

ਜਿਹੜਾ ਮੁੰਡਾ ਘਰ 'ਚੋਂ ਵਿਹਲਾ

ਉਹ ਸਭ ਤੋਂ ਹੀ ਅਲਬੇਲਾ

📝 ਸੋਧ ਲਈ ਭੇਜੋ