ਤੋੜਕੇ ਫੁੱਲਾਂ ਨੂੰ ਫਿਰ ਬਿਨ੍ਹਣ, ਆਖਣ ਹਾਰ ਪਰੋਇਆ ।
ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ।
ਗਲ ਦੇ ਨਾਲ ਲਗਾਵਾਂ ਜਿਸਨੂੰ ਉਹ ਮੇਰਾ ਗਲ ਘੁੱਟੇ
ਵੇਲ ਵਧਾਵਾਂ ਮੈਂ ਜਿਸ ਦੀ ਵੀ ਜੜ ਮੇਰੀ ਉਹ ਪੁੱਟੇ
ਰਖਿਆ ਜਿਸਦੀ ਵੀ ਮੈਂ ਕੀਤੀ ਉਹੀਓ ਮੈਨੂੰ ਲੁੱਟੇ
ਜਿਸਨੂੰ ਸਿਰ ਉੱਤੇ ਮੈਂ ਚਾਇਆ, ਮੈਨੂੰ ਭੁੰਝੇ ਸੁੱਟੇ
ਆਦਰ ਨਾਲ ਬਠਾਇਆ ਜਿਸਨੂੰ, ਅਗੇ ਓਹੋ ਖਲੋਇਆ।
ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ।
ਜਿਸਦੇ ਚਾਰੇ ਕਰ ਕਰ ਥੱਕਾ ਹੱਥਾਂ ਤੇ ਉਹ ਚਾਰੇ
ਜਿਸਦੀ ਕਾਰ ਕਰਾਂ ਦਿਨ ਰਾਤੀਂ ਕਰਦਾ ਓਹੀ ਕਾਰੇ
ਮਿਰੀਆਂ ਮਾਰਾਂ ਤੇ ਜੋ ਜੀਂਦਾ ਉਹੀ ਮੈਨੂੰ ਮਾਰੇ
ਤਾਰਾਂ ਜਿਸਦੇ ਚਿੱਠੇ ਮੈਂ ਉਹ ਦਿਨੇ ਦਿਖਾਂਦੈ ਤਾਰੇ
ਜਿਸਦੀ ਖਾਤਿਰ ਖ਼ੂਨ ਦਿਆਂ ਮੈਂ ਖ਼ੂਨ ਮੇਰਾ ਉਸ ਚੋਇਆ
ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ।
ਜਿਸਨੂੰ ਪਿਆਰ ਦੀ ਠੰਡ ਦਿਆਂ ਮੈਂ ਉਹੀਓ ਮੈਨੂੰ ਜਾਲੇ
ਭਾਲਾਂ ਜਿਸ ਲਈ ਸੁਖ, ਮਿਰੇ ਤੇ ਚੁਕਦਾ ਉਹੋ ਭਾਲੇ
ਵਿੰਗਾ ਵਾਲ ਨਾ ਵੇਖ ਸਕਾਂ ਮੈਂ ਜਿਸਦਾ ਕਿਸੇ ਵੀ ਹਾਲੇ
ਮੇਰੀ ਖ਼ਾਤਰ ਉਸ ਜਾਨੀ ਨੇ ਵੇਖੋ ਫਨੀਅਰ ਪਾਲੇ ।
ਜਿਸ ਮੱਖਣ ਨੂੰ ਅਕਲ ਦਿਆਂ ਮੈਂ ਪਾਣੀ ਉਨ੍ਹੇ ਬਲੋਇਆ !
ਹਮਦਰਦਾ ਇਹ ਉਲਟੇ ਕਾਰੇ, ਵੇਖ ਕਬੀਰਾ ਰੋਇਆ ।
ਜਿਸਦੀ ਬਾਤ ਬਣਾਵਾਂ ਮੈਂ ਉਹ ਗੱਲਾਂ ਕਰਦੈ ਖ਼ਾਲੀ
ਦੁੱਧ ਪਿਲਾਇਆ ਵੀ ਭੁੱਲ ਜਾਵੇ ਮਿਲੇ ਨਾ ਜਦੋਂ ਪਿਆਲੀ
ਜਿਸਦੀ ਲਾਲੀ ਰੱਖਣ ਖਾਤਰ ਗਲ ਪਾਵਾਂ ਬਦ-ਹਾਲੀ
ਮਿਰੀ ਮੁਸੀਬਤ ਦੇਖ ਦੇਖ ਕੇ ਚੜ੍ਹਦੀ ਉਸ ਨੂੰ ਲਾਲੀ
ਜਿਸਦੀ ਹੋਂਦ ਲਈ ਮੈਂ ਮਰਿਆ ਉਹ ਮੇਰਾ ਨਾ ਹੋਇਆ।
ਹਮਦਰਦਾ ਇਹ ਉਲਟੋ ਕਾਰੇ, ਵੇਖ ਕਬੀਰਾ ਰੋਇਆ।